ਚੰਡੀਗੜ੍ਹ: ਇਥੇ ਇਨੋਵੇਸ਼ਨ ਮਿਸ਼ਨ ਦੀ ਸ਼ੁਰਆਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਿਸ਼ਨ ਰੂਪੀ ਨਿਵੇਕਲੀ ਪਹਿਲ ਨਾਲ ਸੂਬੇ ਦੇ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ ਅਤੇ ਨੌਕਰੀਆਂ ਪੈਦਾ ਹੋਣ ਦੇ ਨਾਲ-ਨਾਲ ਵਧ ਤੋਂ ਵਧ ਨਿਵੇਸ਼ ਵੀ ਸੂਬੇ ਵਿੱਚ ਆਵੇਗਾ। ਉਨਾਂ ਅੱਗੇ ਕਿਹਾ ਕਿ ਇਸ ਮਿਸ਼ਨ ਤਹਿਤ ਬਾਜ਼ਾਰ ਤੱਕ ਪਹੁੰਚ ਬਣਾਉਣ, ਨਿਵੇਸ਼ ਲਈ ਭਾਈਵਾਲ ਤਲਾਸ਼ ਕਰਨ ਅਤੇ ਸਟਾਰਟ ਅਪਸ ਸ਼ੁਰੂ ਕਰਨ ਸਬੰਧੀ ਜਾਣਕਾਰੀ ਦੇਣ ਲਈ ਹੰਭਲੇ ਮਾਰੇ ਜਾਣਗੇ। ਉਨਾਂ ਅੱਗੇ ਕਿਹਾ ਕਿ ਇਸ ਉੱਦਮ ਵਿੱਚ ਵਿਦੇਸ਼ਾਂ ’ਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੀ ਹਿੱਸੇਦਾਰ ਬਣਾਇਆ ਜਾਵੇਗਾ ਅਤੇ ਮਹਿਲਾਵਾਂ ਵਿੱਚ ਉੱਦਮਤਾ ਦੀ ਭਾਵਨਾ ਨੂੰ ਹੁਲਾਰਾ ਦੇਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਆਈਡੀਆਥੌਨ ਯਾਨੀ ਵਿਚਾਰ-ਚਰਚਾ ਕਰਵਾਏਗੀ ਸਰਕਾਰ
ਸਰਕਾਰ ਨੇ ਵੱਡੇ ਪੱਧਰ ’ਤੇ ‘ਆਈਡੀਆਥੌਨ’ (ਵਿਚਾਰ ਚਰਚਾ) ਕਰਵਾਉਣ ਦਾ ਵੀ ਫੈਸਲਾ ਕੀਤਾ ਹੈ, ਜਿਸ ਵਿੱਚ ਸੂਬੇ ਭਰ ਤੋਂ ਵਿਦਿਆਰਥੀ, ਨੌਜਵਾਨ ਕਿੱਤਾ ਮਾਹਰ, ਉੱਭਰਦੇ ਉੱਦਮੀ ਹਿੱਸਾ ਲੈਣਗੇ। ਪੰਜਾਬ ਨੂੰ ਮਜ਼ਬੂਤ ਉਦਯੋਗਿਕ ਤੇ ਉੱਦਮੀ ਸੂਬੇ ਵਜੋਂ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 450 ਸਟਾਰਟ ਅਪਸ ਅਤੇ 20 ਤੋਂ ਜਿਆਦਾ ਇਨਕਿਊਬੇਟਰ ਮੌਜੂਦ ਹਨ ਜਿਨਾਂ ਦੇ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਇਨੋਵੇਸ਼ਨ ਮਿਸ਼ਨ ਪੰਜਾਬ ਵੱਲੋਂ ਇਸ ਨਾਲ ਜੁੜੀਆਂ ਸਾਰੀਆਂ ਧਿਰਾਂ ਜਿਵੇਂ ਕਿ ਨਿਵੇਸ਼ਕਾਰ, ਅਗਾਂਹ ਵਧੂ ਕਿਸਾਨ, ਮੀਡੀਆ, ਕਾਰਪੋਰੇਟ ਜਗਤ, ਸਰਕਾਰ ਅਤੇ ਅਕਾਦਮਿਕ ਦੀ ਮਦਦ ਲਈ ਜਾਵੇਗੀ।
ਸਰਕਾਰੀ ਤੇ ਨਿਜੀ ਖੇਤਰ ਨਾਲ ਅੱਗੇ ਵਧੇਗਾ ਮਿਸ਼ਨ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਨਿਵੇਕਲਾ ਮਿਸ਼ਨ ਸਰਕਾਰੀ ਤੇ ਨਿੱਜੀ ਦੋਵਾਂ ਖੇਤਰਾਂ ਦੀ ਭਾਈਵਾਲੀ ਨਾਲ ਅੱਗੇ ਵਧੇਗਾ ਅਤੇ ਇਸ ਦੇ ਭਾਗੀਦਾਰਾਂ ਵਜੋਂ ਖੇਤੀਬਾੜੀ, ਉਦਯੋਗ ਤੇ ਵਣਜ ਵਿਭਾਗ, ਮੰਡੀ ਬੋਰਡ ਅਤੇ ਸਟਾਰਟ ਅਪ ਪੰਜਾਬ ਵੱਲੋਂ ਪਹਿਲੇ ਤਿੰਨ ਵਰਿਆਂ ਲਈ ਚਾਲੂ ਖਰਚਿਆਂ ਵਜੋਂ ਨਕਦ ਅਤੇ ਹੋਰ ਵਸਤਾਂ ਦੇ ਰੂਪ ਵਿੱਚ 30 ਕਰੋੜ ਰੁਪਏ ਤੋਂ ਵਧ ਦੀ ਮਦਦ ਮੁਹੱਈਆ ਕਰਵਾਈ ਜਾਵੇਗੀੇ। ਇਸ ਤੋਂ ਇਲਾਵਾ ਕਾਲਕਟ ਭਵਨ ਵਿਖੇ 12000 ਸਕੁਏਅਰ ਫੁੱਟ ਦੀ ਥਾਂ 10 ਵਰਿਆਂ ਲਈ ਬਿਨਾਂ ਕਿਰਾਏ ਤੋਂ ਪੱਟੇ ’ਤੇ ਦੇ ਕੇ ਸੂਬੇ ਵਿਚਲੇ ਸਟਾਰਟ ਅਪਸ ਦੀ ਮਦਦ ਕੀਤੀ ਜਾਵੇਗੀ।
150 ਕਰੋੜ ਰੁਪਏ ਦਾ ਵੈਂਚਰ ਫੰਡ ਰੱਖਿਆ
ਸਰਕਾਰ ਮੁਤਾਬਕ ਇਸ ਮਿਸ਼ਨ ਦੇ ਤਿੰਨ ਪੱਖ ਹਨ। ਪਹਿਲਾ ਪੱਖ ਹੈ ਪੌਲੀਨੇਟਰ ਜਿਸ ਵਿੱਚ ਵਰਚੁਅਲ ਇਨਕਿਊਬੇਟਰਾਂ ਦਾ ਇਕ ਨੈਟਵਰਕ ਸਥਾਪਿਤ ਕਰ ਕੇ ਬੂਟ ਕੈਂਪ, ਆਈਡੀਆਥੌਨ ਆਦਿ ਕਈ ਸਮਾਗਮ ਕਰਵਾਏ ਜਾਂਦ ਹਨ ਤਾਂ ਜੋ ਇਕ ਸਮਰੱਥ ਸਟਾਰਟ ਅਪ ਢਾਂਚਾ ਵਿਕਸਿਤ ਹੋ ਸਕੇ। ਦੂਜਾ ਪੱਖ ਹੈ ਐਕਸੈਲਰੇਟਰ ਜਿਸ ਵਿੱਚ ਨਵੇਂ ਸਟਾਰਟ ਅਪਸ ਸ਼ੁਰੂ ਕਰਨ ਵਾਲਿਆਂ ਨੂੰ ਮਾਹਿਰਾਂ ਵੱਲੋਂ ਉਨਾਂ ਦੇ ਸਟਾਰਟ ਅਪਸ ਨਾਲ ਸਬੰਧਿਤ ਖੇਤਰਾਂ ਬਾਰੇ ਅਤੇ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਇਹ ਐਕਸੈਲਰੇਟਰ ਕਾਲਕਟ ਭਵਨ ਵਿਖੇ ਸਥਾਪਿਤ ਹੋਵੇਗਾ ਅਤੇ ਤੀਸਰਾ ਪੱਖ ਵੈਨਚਰ ਫੰਡ ਦਾ ਹੋਵੇਗਾ ਜਿਸ ਤਹਿਤ 150 ਕਰੋੜ ਰੁਪਏ ਦੀ ਮਦਦ ਨਵੇਂ ਸਟਾਰਟ ਅਪਸ ਨੂੰ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਉਹ ਹੋਰ ਵਿਕਸਿਤ ਹੋ ਸਕਣ। ਸੂਬਾ ਸਰਕਾਰ ਵੱਲੋਂ ਕਾਰਪਸ (ਕੋਸ਼) ਵਿੱਚੋਂ 10 ਫੀਸਦੀ ਹਿੱਸਾ ਅਤੇ 10 ਕਰੋੜ ਰੁਪਏ ਤੱਕ ਦੀ ਗਾਰੰਟੀ ਮੁੱਢਲੇ ਦੌਰ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਮਹੱਈਆ ਕੀਤੀ ਜਾਵੇਗੀ।
ਹੋਰ ਖੇਤਰਾਂ ਵਿੱਚ ਵੀ ਦਿੱਤਾ ਜਾਵੇਗਾ ਧਿਆਨ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਮਿਸ਼ਨ ਸਿਹਤ ਸੰਭਾਲ, ਫਾਰਮਾ ਅਤੇ ਬਾਇਓਟੈਕ, ਖੁਰਾਕ ਤੇ ਖੇਤੀਬਾੜੀ, ਉਤਪਾਦਨ ਅਤੇ ਮੀਡੀਆ ਤੇ ਮਨੋਰੰਜਨ ਆਦਿ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਵੇਗਾ ਜੋ ਕਿ ਪੰਜਾਬ ਦਾ ਮਜ਼ਬੂਤ ਪੱਖ ਹਨ। ਇਸ ਮੌਕੇ ਉੱਘੇ ਅਰਥਸ਼ਾਸਤਰੀ ਮੌਂਟੇਕ ਸਿੰਘ ਆਹਲੂਵਾਲੀਆ ਨੇ ਸਟਾਰਟ ਅਪਸ ਖੇਤਰ ਵਿੱਚ ਨਿਵੇਕਲੀਆਂ ਪੇਸ਼ਕਦਮੀਆਂ ਕੀਤੇ ਜਾਣ ਨੂੰ ਬੇਹੱਦ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਇਹ ਇਨੋਵੇਸ਼ਨ ਮਿਸ਼ਨ ਅਸਲ ਵਿੱਚ ਉਦੋਂ ਰਫਤਾਰ ਫੜੇਗਾ ਜਦੋਂ ਕੋਵਿਡ ਦਾ ਅਸਰ ਮੱਧਮ ਪੈਣ ਪਿੱਛੋਂ ਸਥਿਤੀ ਆਮ ਵਰਗੀ ਹੋਵੇਗੀ। ਉਨਾਂ ਸਟਾਰਟ ਅਪ ਖੇਤਰ ਵਿੱਚ ਡਿਜੀਟਲ ਕਨੈਕਟੀਵਿਟੀ ਤੇ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਅਹਿਮ ਪੱਖ ਦੱਸਿਆ।