ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀਨਗਰ ਚ ਵਾਪਰੀ ਘਟਨਾ ਨੂੰ ਲੈ ਕੇ ਦੁਖ ਜਾਹਿਰ ਕੀਤਾ ਹੈ। ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਸੂਬੇ ਬਰ ਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਭਾਵੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਸ੍ਰੀਨਗਰ ਚ ਵੀਰਵਾਰ ਨੂੰ ਅੱਤਵਾਦੀਆਂ ਵੱਲੋਂ ਘੱਟ-ਗਿਣਤੀਆਂ ਨਾਲ ਸਬੰਧਤ ਪ੍ਰਿੰਸੀਪਲ ਤੇ ਅਧਿਆਪਕ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ਇਸ ਘਟਨਾ ਨੂੰ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਮੰਦਭਾਗਾ ਆਖਿਆ। ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸੂਬਾ ਭਰ ਵਿਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਘੱਟ ਗਿਣਤੀਆਂ ਦੇ ਲੋਕ ਅੱਤਵਾਦ ਪ੍ਰਭਾਵਿਤ ਸੂਬੇ ਵਿੱਚ ਵੱਖ-ਵੱਖ ਵੱਖਵਾਦੀਆਂ ਦੀਆਂ ਧਮਕੀਆਂ ਤੇ ਡਰ ਦੇ ਬੇਯਕੀਨੀ ਵਾਲੇ ਮਾਹੌਲ ਵਿਚ ਰਹਿ ਰਹੇ ਹਨ। ਸੀਐੱਮ ਚੰਨੀ ਨੇ ਅਜਿਹੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਮਨ-ਕਾਨੂੰਨ ਦੀ ਮਸ਼ੀਨਰੀ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ ਤਾਂ ਕਿ ਦੋਸ਼ੀਆਂ ਨੂੰ ਤੁਰੰਤ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਸ਼ੀਆਂ ਨੂੰ ਕਾਨੂੰਨ ਤਹਿਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੂੰ ਅਪੀਲ ਕੀਤੀ ਕਿ ਇਸ ਔਖੇ ਸਮੇਂ ਵਿੱਚ ਗ਼ਮਗੀਨ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇ।
ਦੁੱਖ ਵਿਚ ਡੁੱਬੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਅਕਾਲ ਪੁਰਖ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।
ਇਹ ਵੀ ਪੜੋ: ਸ਼੍ਰੀਨਗਰ ਸਕੂਲ ‘ਚ ਫਾਇਰਿੰਗ ਮਾਮਲਾ: ਮਨਜਿੰਦਰ ਸਿਰਸਾ ਨੇ ਕੀਤਾ ਵੱਡਾ ਐਲਾਨ, ਰੱਖੀ ਇਹ ਮੰਗ...
ਇਹ ਸੀ ਮਾਮਲਾ ?
ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅੱਤਵਾਦੀਆਂ ਵੱਲੋਂ ਇਹ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਾਣਕਾਰੀ ਦੇ ਅਨੁਸਾਰ ਅੱਤਵਾਦੀਆਂ ਨੇ ਵੀਰਵਾਰ ਸਵੇਰੇ ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਇੱਕ ਸਕੂਲ ਵਿੱਚ ਵੜ ਕੇ ਗੋਲੀਬਾਰੀ ਕੀਤੀ। ਇਸ ਅੱਤਵਾਦੀ ਹਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਅਧਿਆਪਕ ਦੀ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਮ੍ਰਿਤਕਾਂ ਵਿੱਚ ਇੱਕ ਮਹਿਲਾ ਵੀ ਹੈ, ਜਿਸ ਦੀ ਪਛਾਣ ਸੁਪਿੰਦਰ ਕੌਰ (Principal Supinder Kaur) ਦੇ ਰੂਪ ਵਿੱਚ ਹੋਈ ਹੈ ਅਤੇ ਉਹ ਸਕੂਲ ਦੀ ਪ੍ਰਿੰਸੀਪਲ ਸਨ, ਜਦੋਂ ਕਿ ਪੁਰਸ਼ ਅਧਿਆਪਕ ਦੀ ਪਛਾਣ ਦੀਪਕ ਚੰਦ (Teacher Deepak Chand) ਦੇ ਰੂਪ ਵਿੱਚ ਹੋਈ ਹੈ।