ਫਰੀਦਕੋਟ: ਜ਼ਿਲ੍ਹੇ ਦੇ ਲੋਕਾਂ ਨੂੰ ਵਿਦੇਸ਼ੀ ਮੋਬਾਇਲ ਨੰਬਰਾਂ ਤੋਂ ਫੋਨ ਕਰ ਕੇ ਲੱਖਾਂ ਰੁਪਏ ਫਿਰੌਤੀ ਮੰਗਣ ਵਾਲੇ 2 ਲੋਕਾਂ ਨੂੰ CIA ਜੈਤੋ ਦੀ ਟੀਮ ਵਲੋਂ ਗ੍ਰਿਫਤਾਰ ਕਰ 2 ਪਿਸਟਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ, ਪੁਲਿਸ ਦਾ ਕਹਿਣਾ ਕਿ ਫੜ੍ਹੇ ਗਏ ਬਦਮਾਸ਼ ਖੁਦ ਨੂੰ ਦਵਿੰਦਰ ਬੰਬੀਹਾ ਗੈਂਗਸਟਰ ਗਰੁੱਪ ਦੇ ਮੈਂਬਰ ਦੱਸ ਕੇ ਲੋਕਾਂ ਤੋਂ ਫਿਰੌਤੀ ਮੰਗਦੇ ਸਨ।
ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ SSP ਫਰੀਦਕੋਟ ਅਵਨੀਤ ਕੌਰ ਨੇ ਦੱਸਿਆ ਕਿ CIA ਸਟਾਫ ਜੈਤੋ ਦੀ ਟੀਮ ਵਲੋਂ 2 ਅਜਿਹੇ ਲੋਕਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਮੁਕੱਦਮਾਂ ਦਰਜ ਕੀਤਾ ਗਿਆ ਜੋ ਇਲਾਕੇ ਦੇ ਸੁਨਿਆਰਿਆਂ , ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ ਲੱਖਾਂ ਰੁਪਏ ਦੀ ਫਿਰੌਤੀ ਮੰਗਦੇ ਸਨ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬੀਤੇ ਦਿਨੀ ਇੰਨ੍ਹਾਂ ਵਲੋਂ ਬਾਜਾਖਾਨਾ ਦੇ ਇਕ ਜਿਵੈਲਰੀ ਸ਼ਾਪ ਦੇ ਮਾਲਕ ਨੂੰ ਵਿਦੇਸ਼ੀ ਮੋਬਾਇਲ ਨੰਬਰ ਤੋਂ ਫੋਨ ਕਰ ਕੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਜਿਸ ’ਤੇ ਕਾਰਵਾਈ ਕਰਦਿਆਂ CIA ਸਟਾਫ ਜੈਤੋ ਨੇ ਪੁਲਿਸ ਦੇ ਟੈਕਨੀਕਲ ਸਟਾਫ ਦੀ ਮਦਦ ਨਾਲ ਸੁਖਚੈਨ ਸਿੰਘ ਨਾਮ ਦੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਸੀ।
ਇਸ ਤੋਂ ਬਾਅਦ ਇਸ ਦੇ ਇੱਕ ਹੋਰ ਸਾਥੀ ਮਨਪ੍ਰੀਤ ਸਿੰਘ ਮੰਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ 2 ਪਿਸਟਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ ਸਨ। ਉਨ੍ਹਾਂ ਦੱਸਿਆ ਕਿ ਦੋਹਾਂ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਪਤਾ ਚਲਿਆ ਕਿ ਇਹ ਦੋਹੇ ਇਲਾਕੇ ਦੇ ਲੋਕਾਂ ਦੀ ਰੇਕੀ ਕਰ ਕੇ ਆਪਣੇ ਮਲੇਸ਼ੀਆ ਵਿਚ ਬੈਠੇ ਸਾਥੀ ਜਸਕਰਨ ਸਿੰਘ ਜੱਸੂ ਤੋਂ ਫਿਰੌਤੀ ਲਈ ਫੋਨ ਕਰਵਾਉਂਦੇ ਸਨ।
ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਦੋਹਾਂ ਕਥਿਤ ਬਦਮਾਸ਼ਾਂ ਨੂੰ ਪੇਸ਼ ਅਦਾਲਤ ਕਰ ਪੁਲਿਸ ਰਿਮਾਂਡ ਹਾਸਲ ਕਰ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਜਿੰਨਾਂ ਪਾਸੋਂ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਆਪਣੇ ਆਪ ਨੂੰ ਦਵਿੰਦਰ ਬੰਬੀਹਾ ਗਰੁੱਪ ਦੇ ਮੈਂਬਰ ਦੱਸ ਕੇ ਫਿਰੌਤੀ ਮੰਗਦੇ ਸਨ ਪਰ ਹਾਲੇ ਤੱਕ ਇੰਨ੍ਹਾਂ ਖ਼ਿਲਾਫ਼ ਪਹਿਲਾਂ ਕੋਈ ਨਾ ਤਾਂ ਅਪਰਾਧਿਕ ਮਾਮਲਾ ਦਰਜ ਹੈ ਅਤੇ ਨਾ ਹੀ ਇੰਨ੍ਹਾਂ ਨੂੰ ਕਿਸੇ ਨੇ ਕੋਈ ਫਿਰੌਤੀ ਦਿੱਤੀ ਹੈ।
ਇਹ ਵੀ ਪੜੋ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਪੇਸ਼ੀ ਅੱਜ