ਚੰਡੀਗੜ੍ਹ: ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਅੱਜ ਕਿਸਾਨ ਚੰਡੀਗੜ੍ਹ ਦੇ ਪਿੰਡਾਂ ਤੋਂ ਟਰੈਕਟਰ ਮਾਰਚ ਕਰਦੇ ਹੋਏ ਦਿੱਲੀ ਲਈ ਰਵਾਨਾ ਹੋਏ ਹਨ। ਕਿਸਾਨਾਂ ਦੇ ਇਸ ਟਰੈਕਟਰ ਮਾਰਚ ਵਿੱਚ ਜਿੱਥੇ ਬਜ਼ੁਰਗ, ਨੌਜਵਾਨ ਕਿਸਾਨ ਮੌਜੂਦ ਹਨ, ਉੱਥੇ ਇਸ ਮਾਰਚ ਵਿੱਚ ਔਰਤਾਂ ਅਤੇ ਛੋਟੇ ਬੱਚੇ ਵੀ ਸ਼ਾਮਲ ਹਨ। ਟਰੈਕਟਰ ਮਾਰਚ ਨੂੰ ਲੈ ਕੇ ਬੱਚਿਆਂ ਵਿੱਚ ਕਾਫੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਟਰੈਕਟਰ ਉੱਤੇ ਸਵਾਰ ਛੋਟੇ ਬੱਚਿਆਂ ਨੇ ਕਿਹਾ ਕਿ ਉਹ ਕਾਫ਼ੀ ਜ਼ਿਆਦਾ ਖ਼ੁਸ਼ ਹਨ ਕਿ ਉਹ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਸ ਕਿਸਾਨ ਅੰਦੋਲਨ ਵਿੱਚ ਗਏ ਹਨ ਅਤੇ ਉੱਥੇ ਜਾ ਕੇ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਸੀ। ਇਸ ਦੌਰਾਨ ਛੋਟੇ ਬੱਚਿਆਂ ਨੇ ਕਿਸਾਨ ਪੱਖੀ ਨਾਅਰੇ ਵੀ ਲਗਾਏ।
ਜ਼ਿਕਰਯੋਗ ਹੈ ਕਿ ਟਰੈਕਟਰ ਉੱਤੇ ਸਵਾਰ ਬੱਚੇ ਹੱਥਾਂ ਵਿੱਚ ਕਿਸਾਨੀ ਦੇ ਝੰਡੇ ਫੜੀ ਬੈਠੇ ਹੋਏ ਨਜ਼ਰ ਆਏ। ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਨਹੀਂ ਹਨ।