ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਰੰਤ ਖੇਡ ਮੰਤਰੀ ਰਾਣਾ ਸੋਢੀ ਨੂੰ ਬਰਖ਼ਾਸਤ ਕਰਨ ਕਿਉਂਕਿ ਉਨ੍ਹਾਂ ਦੀ ਆਪਣੀ ਸਰਕਾਰ ਦੇ ਵਿਭਾਗ ਦੇ ਮੰਤਰੀ ਵੱਲੋਂ ਪਰਿਵਾਰਕ ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈ ਲੈਣ ਖਿਲਾਫ ਤੇ ਇਹ ਰਕਮ ਵਸੂਲਣ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ।
ਪੀ ਡਬਲਿਊ ਡੀ ਵਿਭਾਗ ਵੱਲੋਂ ਮੰਤਰੀ ਖਿਲਾਫ ਵਸੂਲੀ ਦਾ ਕੇਸ ਪਾਉਣ ਮਗਰੋਂ ਉਹ ਰੁਤਬੇ ’ਤੇ ਕਾਇਮ ਰਹਿਣ ਦੇ ਲਾਇਕ ਨਹੀਂ ਰਹੇ। ਉਨ੍ਹਾਂ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ ਰਾਣਾ ਸੋਢੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜੋ ਜ਼ਮੀਨ 1962 ਵਿੱਚ ਐਕਵਾਇਰ ਕੀਤੀ ਸੀ ਤੇ ਜਿਸਦਾ ਉਨ੍ਹਾਂ ਨੂੰ ਮੁਆਵਜ਼ਾ ਮਿਲਿਆ ਸੀ, ਉਸੇ ਜ਼ਮੀਨ ਲਈ 2013 ਵਿੱਚ ਵੀ ਮੁਆਵਜ਼ਾ ਲੈ ਲਿਆ। ਉਨ੍ਹਾਂ ਕਿਹਾ ਕਿ ਪੀ ਡਬਲਿਊ ਵਿਭਾਗ ਨੇ ਖੁਲਾਸਾ ਕੀਤਾ ਹੈ ਮੰਤਰੀ ਤੇ ਉਸ ਦੇ ਪਰਿਵਾਰ ਨੂੰ ਇੱਕ ਕਰੋੜ 83 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਜਦੋਂ ਮੰਤਰੀ ਨੇ ਅਦਾਲਤ ਵਿੱਚ ਕੇਸ ਕਰ ਕੇ ਆਪਣੇ ਹੱਕ ਵਿੱਚ ਫੈਸਲਾ ਕਰਵਾ ਲਿਆ।
ਗਰੇਵਾਲ ਨੇ ਕਿਹਾ ਕਿ ਰਾਣਾ ਸੋਢੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਫੌਜਦਾਰੀ ਗੁਨਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਤੇ ਜਾਅਲਸਾਜ਼ੀ ਦੇ ਕੇਸ ਇਨ੍ਹਾਂ ਸਾਰਿਆਂ ਖ਼ਿਲਾਫ ਦਰਜ਼ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਾਲ ਹੀ ਮੁੱਖ ਮੰਤਰੀ ਨੂੰ ਰਾਣਾ ਸੋਢੀ ਨਾਲ ਆਪਣੀ ਦੋਸਤੀ ਨੂੰ ਆਪਣੇ ਸਰਕਾਰੀ ਫਰਜ਼ਾਂ ਦੇ ਰਾਹ ਵਿੱਚ ਅੜਿਕਾ ਨਹੀਂ ਬਣਨ ਦੇਣਾ ਚਾਹੀਦਾ ਅਤੇ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਕੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਮੁੱਖ ਮੰਤਰੀ ਨੇ ਸੋਢੀ ਨੂੰ ਲੰਬਾ ਸਮਾਂ ਦਿੰਤਾ ਹੈ। ਇਹ ਘੁਟਾਲਾ ਛੇ ਮਹੀਨੇ ਤੋਂ ਵੱਧ ਸਮਾਂ ਪਹਿਲਾਂ ਸਾਹਮਣੇ ਆਇਆ ਸੀ। ਸਰਕਾਰ ਨੇ ਉਦੋਂ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਸਕੱਤਰ ਦੀ ਅਗਵਾਈ ਵਾਲੀ ਸਬ ਕਮੇਟੀ ਵੀ ਗਠਿਤ ਕੀਤੀ ਸੀ ਤੇ ਕਮੇਟੀ ਨੇ ਮੰਤਰੀ ਤੇ ਉਸਦੇ ਰਿਸ਼ਤੇਦਾਰਾਂ ਨੂੰ ਦੁੱਗਣਾ ਮੁਆਵਜ਼ਾ ਲੈਣ ਦਾ ਦੋਸ਼ੀ ਵੀ ਪਾਇਆ ਸੀ।
ਉਨ੍ਹਾਂ ਕਿਹਾ ਕਿ ਹੁਣ ਪੀ ਡਬਲਿਊ ਵਿਭਾਗ ਅਦਾਲਤ ਵਿੱਚ ਚਲਾ ਗਿਆ ਹੈ ਤੇ ਉਸਨੇ ਮੰਤਰੀ ਦੇ ਪਰਿਵਾਰ ਕੋਲੋਂ ਪੈਸਾ ਵਸੂਲਣ ਅਤੇ ਉਨ੍ਹਾਂ ਖ਼ਿਲਾਫ ਫੌਜਦਾਰੀ ਕੇਸ ਚਲਾਉਣ ਲਈ ਪਟੀਸ਼ਨ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਕਿਸਦੀ ਉਡੀਕ ਕਰ ਰਹੇ ਹਨ ? ਕੀ ਉਨ੍ਹਾਂ ਨੂੰ ਆਪਣੇ ਹੀ ਸਰਕਾਰ ਦੇ ਵਿਭਾਗ ’ਤੇ ਵਿਸ਼ਵਾਸ ਹੈ ਜਾਂ ਨਹੀਂ ? ਜੇਕਰ ਉਨ੍ਹਾਂ ਨੂੰ ਵਿਸ਼ਵਾਸ ਹੈ ਤਾਂ ਉਨ੍ਹਾਂ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਕਿ ਉਸੇ ਤਰੀਕੇ ਮੰਤਰੀ ਦਾ ਬਚਾਅ ਕਰਨਾ ਚਾਹੀਦਾ ਹੈ ਜਿਵੇਂ ਉਨ੍ਹਾਂ ਨੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਜਿਹਨਾਂ ਨੁੰ ਆਪਣੇ ਹੀ ਵਿਭਾਗ ਦੇ ਮੁਖੀ ਵੱਲੋਂ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਖੇਡ ਮੰਤਰੀ ਖੁਦ ਹੀ ਅਸਤੀਫਾ ਦੇਣ ਅਤੇ ਕਿਹਾ ਕਿ ਉਨ੍ਹਾਂ ਨੇ ਅਹੁਦੇ ’ਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਦਾ ਬਚਾਅ ਕਰਨ ਤੋਂ ਇਨਕਾਰ ਕਰ ਕੇ ਇਸ ਅਪਰਾਧਿਕ ਮਾਮਲੇ ਵਿੱਚ ਆਪਣੀ ਸ਼ਮੂਲੀਅਤ ਖੁਦ ਹੀ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਹੁਣ ਖੇਡ ਮੰਤਰੀ ਨੇ ਇਹ ਸ਼ਗੁਫਾ ਛੱਡ ਦਿੰਤਾ ਹੈ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਉਨ੍ਹਾਂ ਦੇ ਮਗਰ ਲੱਗੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਫਿਰ ਰਾਣਾ ਸੋਢੀ ਨੇ ਇਹਨਾਂ ਸਰਕਾਰੀ ਅਧਿਕਾਰੀਆਂ ਖ਼ਿਲਾਫ ਰਸਮੀ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ ? ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਰਾਣਾ ਸੋਢੀ ਜਾਣਦੇ ਹਨ ਕਿ ਉਨ੍ਹਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਹੈ ਤੇ ਹੁਣ ਉਹ ਸਮਾਂ ਭਾਲ ਰਹੇਹਨ ਤੇ ਆਪਣੇ ਦੋਸਤ ਕੈਪਟਨ ਅਮਰਿੰਦਰ ਸਿੰਘ ਤੋਂ ਆਸ ਲਗਾਈ ਬੈਠੇ ਹਨ ਕਿ ਉਹ ਉਨ੍ਹਾਂ ਨੂੰ ਮੰਤਰੀ ਬਣਾਈ ਰੱਖਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਸਾਰੇ ਗਠਜੋੜ ਦਾ ਪਰਦਾਫਾਸ਼ ਕਰੇਗਾ ਤੇ ਯਕੀਨੀ ਬਣਾਏਗਾ ਕਿ ਮਾਮਲੇ ਵਿੱਚ ਨਿਆਂ ਮਿਲੇ।