ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) 'ਚ ਪਿਛਲੇ ਕਈਂ ਮਹੀਨਿਆਂ ਤੋਂ ਚਲਦਾ ਆ ਰਿਹੈ ਕਲੇਸ਼ ਖ਼ਤਮ ਹੁੰਦਾ ਲੱਗ ਰਿਹੈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ 24 ਘੰਟਿਆਂ ਅੰਦਰ ਹੀ ਕਾਂਗਰਸ (Congress) ਹਾਈਕਮਾਨ ਨੇ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਥਾਪਿਆ ਹੈ।
2 ਦਿਨਾਂ ਦੀਆਂ ਮੈਰਾਥਨ ਬੈਠਕਾਂ ਮਗਰੋਂ ਕਾਂਗਰਸ (Congress) ਨੇ ਐਤਵਾਰ ਦੇਰ ਸ਼ਾਮ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਦੇ ਨਾਂਅ ਦਾ ਐਲਾਨ ਕੀਤਾ। ਚੰਨੀ ਅੱਜ ਸਵੇਰੇ 11 ਵਜੇ ਮੁੱਖ ਮੰਤਰੀ ਦੇ ਅਹੁਦੇ ਦੀ ਸੰਹੁ ਚੁੱਕਣਗੇ।
ਕਾਂਗਰਸ ਹਾਈ ਕਮਾਨ ਨੇ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਦੇ ਨਾਂਅ ਨੂੰ ਹਰੀ ਝੰਡੀ ਦੇ ਕੇ ਦਲਿਤ ਕਾਰਡ ਖੇਡਿਆ ਹੈ। ਚਰਚਾਵਾਂ ਇਹ ਵੀ ਸਨ ਕਿ ਪੰਜਾਬ ਦੇ ਮੁੱਖ ਮੰਤਰੀ ਲਈ ਹਿੰਦੂ ਚਹਿਰੇ 'ਤੇ ਵਿਚਾਰ ਕੀਤਾ ਜਾ ਰਿਹੈ, ਫੇਰ ਗੱਲ ਸਿੱਖ ਚਿਹਰੇ ਦੀ ਵੀ ਹੋਈ, ਪਰ ਅਖੀਰ 'ਚ ਦਲਿਤ ਚਹਿਰੇ ਨੂੰ ਤਰਜੀਰ ਦਿੰਦਿਆਂ ਕਾਂਗਰਸ ਨੇ ਵੱਡਾ ਦਾਅ ਖੇਡਿਆ।
ਚੰਨੀ ਦੇ ਨਾਲ 2 ਉਪ ਮੁੱਖ ਮੰਤਰੀ ਵੀ ਲਾਏ ਜਾਣਗੇ
ਚਰਨਜੀਤ ਸਿੰਘ ਚੰਨੀ ਦੇ ਨਾਲ 2 ਉਪ ਮੁੱਖ ਮੰਤਰੀ ਵੀ ਲਾਏ ਜਾਣਗੇ। ਉਪ ਮੁੱਖ ਮੰਤਰੀ ਵਜੋਂ ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮਹਿੰਦਰਾ ਦੇ ਨਾਂਅ ਸਭ ਤੋਂ ਮੋਹਰੀ ਹਨ। ਹਰੀਸ਼ ਰਾਵਤ ਨੇ ਐਤਵਾਰ ਦੇਰ ਰਾਤ ਕਿਹਾ ਕਿ ਪੰਜਾਬ ਅੰਦਰ 2 ਉਪ ਮੁੱਖ ਮੰਤਰੀ ਲਗਾਏ ਜਾਣਗੇ ਤੇ ਉਨ੍ਹਾਂ ਦੇ ਨਾਵਾਂ ਦਾ ਐਲਾਨ ਹਾਈਕਮਾਨ ਛੇਤੀ ਹੀ ਕਰ ਦੇਵੇਗਾ। ਸੰਭਵ ਹੈ ਕਿ ਦੋਵੇਂ ਉਪ ਮੁੱਖ ਮੰਤਰੀ ਵੀ ਅੱਜ ਹੀ ਸਹੁੰ ਚੁੱਕਣ।
ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ
ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਮਦਾਸੀਆ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ। ਉਹ ਤਿੰਨ ਵਾਰ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਹਨ। 16 ਮਾਰਚ 2017 ਨੂੰ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਸੀ। ਇਸ ਤੋਂ ਪਹਿਲਾਂ ਚੰਨੀ ਕੌਂਸਲਰ ਵੀ ਰਹੇ ਜਿਸ ਤੋਂ ਉਨ੍ਹਾਂ ਦੀ ਸਿਆਸੀ ਸਫਰ ਦੀ ਸ਼ੁਰੂਆਤ ਹੋਈ। ਉਹ ਨਵਜੋਤ ਸਿੰਘ ਸਿੱਧੂ ਦੇ ਬਹੁਤ ਨੇੜਲੇ ਮੰਨੇ ਜਾਂਦੇ ਹਨ। 2007 ਵਿੱਚ ਉਹ ਪਹਿਲੀ ਵਾਰ ਚਮਕੌਰ ਸਾਹਿਬ ਤੋਂ ਵਿਧਾਇਕ ਚੁਣੇ ਗਏ ਸਨ ਤੇ ਲਗਾਤਾਰ ਤਿੰਨ ਵਾਰ ਆਪਣੇ ਹਲਕੇ ਤੋਂ ਵਿਧਾਇਕ ਬਣੇ ਹਨ।
ਚਰਨਜੀਤ ਸਿੰਘ ਚੰਨੀ ਦਾ ਜਨਮ 1 ਮਾਰਚ 1963 ਨੂੰ ਹੋਇਆ ਸੀ। ਉਹ ਮੁਹਾਲੀ ਦੇ ਵਸਨੀਕ ਹਨ ਤੇ ਪੋਸਟ ਗ੍ਰੈਜੂਏਟ ਹਨ। ਚਰਨਜੀਤ ਚੰਨੀ ਹੈਂਡਬਾਲ ਦੇ ਖਿਡਾਰੀ ਵੀ ਰਹੇ ਹਨ ਅਤੇ ਤਿੰਨ ਵਾਰ ਯੂਨੀਵਰਸਿਟੀ ਗੋਲਡ ਮੈਡਲ ਜੇਤੂ ਰਹੇ ਹਨ।
ਸਿੱਧੂ ਦੀ ਜਿੱਤ
ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਨਾਂ 'ਤੇ ਅੰਤਿਮ ਫੈਸਲਾ ਆਉਣ ਤੋਂ ਬਾਅਦ ਨਵਜੋਤ ਸਿੱਧੂ ਬਹੁਤ ਹੀ ਖੁਸ਼ ਹਨ। ਦਰਅਸਲ 2022 ਦੀਆਂ ਚੋਣਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਵਜੋਤ ਸਿੱਧੂ ਚੁਣੌਤੀ ਦੇ ਤੌਰ 'ਤੇ ਮਹਿਸੂਸ ਕਰ ਰਹੇ ਸਨ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਇਕ ਤਜ਼ਰਬੇਕਾਰ ਸਿਆਸਤਦਾਨ ਹਨ। ਅਜਿਹੇ ਵਿਚ ਨਵਜੋਤ ਸਿੰਘ ਸਿੱਧੂ ਲਈ ਉਹ ਚੁਣੌਤੀ ਵਜੋਂ ਵੀ 2022 ਵਿਚ ਖੜ੍ਹੇ ਹੋ ਸਕਦੇ ਸਨ। ਸੂਤਰਾਂ ਦੇ ਹਵਾਲੇ ਤੋਂ ਅਜਿਹੀਆਂ ਵੀ ਖਬਰਾਂ ਹਨ ਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕੋਈ ਅੰਦਰੂਨੀ ਸਮਝੌਤਾ ਵੀ ਹੋਇਆ ਹੈ। ਦਰਅਸਲ ਜਿਵੇਂ ਹੀ ਸੁਖਜਿੰਦਰ ਸਿੰਘ ਰੰਧਾਵਾ ਦੇ ਸੀ.ਐੱਮ. ਬਨਣ ਦੀ ਰਾਹ ਸੌਖੀ ਨਜ਼ਰ ਆ ਰਹੀ ਸੀ। ਉਸ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਹਾਈ ਕਮਾਨ ਨਾਲ ਸੰਪਰਕ ਸਾਧਣ ਲੱਗੇ ਅਤੇ ਉਹ ਲਗਾਤਾਰ ਹਾਈ ਕਮਾਨ 'ਤੇ ਰੰਧਾਵਾ ਨੂੰ ਮੁੱਖ ਮੰਤਰੀ ਨਾ ਬਣਾਉਣ ਅਤੇ ਚਰਣਜੀਤ ਸਿੰਘ ਚੰਨੀ ਦਾ ਨਾਂ ਅੱਗੇ ਕਰ ਕੇ ਉਨ੍ਹਾਂ ਨੂੰ ਸੀ.ਐੱਮ. ਬਣਾਉਣ ਲਈ ਦਬਾਅ ਬਣਾ ਰਹੇ ਸਨ।
ਕੈਪਟਨ ਦੀ ਵਧਾਈ
ਨਵੇਂ ਮੁੱਖ ਮੰਤਰੀ ਨੂੰ ਵਧਾਈ ਦਿੰਦਿਆਂ ਸਾਬਕਾ ਸੀਐਮ ਨੇ ਟਵੀਟ ਕਰ ਲਿਖਿਆ ਕਿ ਉਹ ਉਮੀਦ ਕਰਦੇ ਹਨ ਕਿ ਚੰਨੀ ਸਰਹੱਦੀ ਸੂਬੇ ਪੰਜਾਬ ਨੂੰ ਸੁਰੱਖਿਅਤ ਰੱਖਣਗੇ ਤੇ ਸਾਡੇ ਲੋਕਾਂ ਦੀ ਸਰਹੱਦ ਪਾਰੋਂ ਵੱਧ ਰਹੀਆਂ ਚੁਣੌਤੀਆਂ ਤੋਂ ਰੱਖਿਆ ਕਰਨਗੇ।
ਕੈਪਟਨ ਨੇ ਇੱਕ ਹੋਰ ਟਵੀਟ ਕਰ ਲਿਖਿਆ ਕਿ ਉਹ ਕਿਸਾਨ ਸੰਘਰਸ਼ 'ਚ ਜਾਨ ਗਵਉਣ ਵਾਲੇ 150 ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦੇਣ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਉਮੀਦ ਕਰਦਾ ਕਿ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਚੰਨੀ ਉਸ ਨੂੰ ਜਲਦੀ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਕਿਸਾਨਾਂ ਨਾਲ ਖੜੇ ਹਨ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਦੇ ਰਹਿਣਗੇ।
ਇਹ ਵੀ ਪੜ੍ਹੋ: ਕਾਂਗਰਸ ਨੇ ਚਰਨਜੀਤ ਚੰਨੀ ਹੱਥ ਸੌਂਪੀ ਪੰਜਾਬ ਦੀ ਕਮਾਨ