ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਟਕਪੂਰਾ ਅਤੇ ਜੈਤੋ ਵਿਧਾਨ ਸਭਾ ਹਲਕਿਆਂ ਦਾ (CM Channy visits Kotkapura and Jaito) ਦੌਰਾ ਕੀਤਾ। ਮੁੱਖ ਮੰਤਰੀ ਚੰਨੀ ਨੇ ਬਰਗਾੜੀ ਵਿੱਚ ਬੇਅਦਬੀ ਦੀਆਂ ਘਟਨਾਵਾਂ ਅਤੇ ਇਸ ਦੇ ਨਤੀਜੇ ਵਜੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਮੁੱਖ ਮੰਤਰੀ ਚੰਨੀ ਨੇ ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਨੇ ਕੋਟਕਪੂਰਾ ਅਤੇ ਜੈਤੋ ਵਿਧਾਨ ਸਭਾ ਹਲਕਿਆਂ ਦੇ ਸਰਬਪੱਖੀ ਵਿਕਾਸ ਲਈ 15-15 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਬੇਅਦਬੀ ਦੇ ਦੋਸ਼ੀਆਂ ਨਾਲ ਬਾਦਲਾਂ ਦੀ ਮਿਲੀਭੁਗਤ- ਚੰਨੀ
ਉਨ੍ਹਾਂ ਕਿਹਾ ਕਿ ਬੇਅਦਬੀ ਦਾ ਮਾਮਲਾ ਵਿਚਾਰ ਅਧੀਨ ਹੈ ਇਸ ਲਈ ਉਹ ਹੋਰ ਵੇਰਵੇ ਨਹੀਂ ਦੇ ਸਕਦੇ। ਹਾਲਾਂਕਿ, ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨਾਲ (Badals collude with accused of indecency) ਬਾਦਲਾਂ ਦੀ ਮਿਲੀਭੁਗਤ ਸੀ।
ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਨ੍ਹਾਂ ਥਾਵਾਂ ’ਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਨਹੀਂ ਹੋਈ ਸਗੋਂ ਇਹ ਗੋਲੀਬਾਰੀ ਸਾਡੀਆਂ ਹਿੱਕਾਂ ’ਤੇ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪ੍ਰਣ ਲੈਂਦੇ ਹਾਂ ਕਿ ਇਸ ਨਾ-ਮੁਆਫੀਯੋਗ ਅਪਰਾਧ ਦੇ ਅਸਲ ਦੋਸ਼ੀਆਂ ਅਤੇ ਖੇਤੀਬਾੜੀ ਬਿੱਲਾਂ ਨੂੰ ਲਾਗੂ ਕਰਨ `ਚ ਜਿਨ੍ਹਾਂ ਦਾ ਵੱਡੀ ਭੂਮਿਕਾ ਰਹੀ ਹੈ, ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : Farmer Protest: ਕਿਸਾਨ ਆਗੂ ਦਾ ਦਾਅਵਾ, 'ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ, 4 ਦਸੰਬਰ ਨੂੰ ਹੋ ਸਕਦਾ ਹੈ ਸਮਾਪਤੀ ਅੰਦੋਲਨ'
ਮੁੱਖ ਮੰਤਰੀ ਚੰਨੀ ਨੇ ਆਪਣੀ ਸਰਕਾਰ ਦੀ ਕਾਰਗੁਜਾਰੀ ਨੂੰ ਦੁਹਰਾਉਦਿਆ ਕਿਹਾ ਕਿ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸਾਰੇ ਵਾਅਦੇ ਸਿਰਫ਼ ਦੋ ਮਹੀਨਿਆਂ ਦੌਰਾਨ ਹਕੀਕਤ ਵਿੱਚ ਬਦਲ ਗਏ ਹਨ। ਉਨ੍ਹਾਂ ਕਿਹਾ ਕਿ ਹੋਰ ਭਲਾਈ ਸਕੀਮਾਂ ਤੋਂ ਇਲਾਵਾ ਹੁਣ ਅਸੀਂ ਪੰਜਾਬ ਵਿੱਚ ਬਿਜਲੀ ਅਤੇ ਪੈਟਰੋਲ ਸਭ ਤੋਂ ਘੱਟ ਕੀਮਤ 'ਤੇ ਦੇ ਰਹੇ ਹਾਂ, ਜਿਨ੍ਹਾਂ ਦੀ ਅੱਜ ਸਭ ਤੋਂ ਜ਼ਿਆਦਾ ਲੋੜ ਹੈ।
ਕੇਜਰੀਵਾਲ ਦੀਆਂ ਗਰੰਟੀਆਂ ਨੂੰ ਝੂਠਾ ਦੱਸਿਆ
ਉਨ੍ਹਾਂ ਆਮ ਆਦਮੀ ਪਾਰਟੀ ਉੱਤੇ ਤੰਜ਼ ਕਸਦਿਆ ਕਿਹਾ ਕਿ ਆਪ ਸਿਰਫ਼ ਝੂਠੇ ਵਾਅਦਿਆਂ, ਫਰਜ਼ੀ ਗਾਰੰਟੀਆਂ ਅਤੇ ਝੂਠ ਦੇ ਪੁਲੰਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਇੱਕ ਧੋਖੇਬਾਜ਼ ਹੈ ਅਤੇ ਉਸਦੇ ਐਲਾਨ ਅਤੇ ਸਕੀਮਾਂ ਦਾ ਅਸਲ ਵਿੱਚ ਦਿੱਲੀ ਵਿੱਚ ਵੀ ਲੋਕਾਂ ਨੂੰ ਕੋਈ ਫਾਇਦਾ ਨਹੀਂ, ਇਸ ਲਈ ਪੰਜਾਬ ਤਾਂ ਬਹੁਤ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ 400 ਯੂਨਿਟ ਤੱਕ ਮੁਫ਼ਤ ਬਿਜਲੀ ਦਾ ਐਲਾਨ ਇੱਕ ਡਰਾਮੇਬਾਜ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਸਰਕਾਰ 400 ਯੂਨਿਟਾਂ ਤੋਂ ਵਧ ਖ਼ਪਤ 'ਤੇ ਭਾਰੀ ਰਕਮ ਵਸੂਲਦੀ ਹੈ, ਜੋ ਕਿ ਇੱਕ ਪਰਿਵਾਰ ਦੀ ਆਮ ਖਪਤ ਹੈ।
ਚੰਨੀ ਸਰਕਾਰ ਨੇ ਬਾਦਲਾਂ ਦੀਆਂ ਬੱਸਾਂ ਰੋਕਣ ਦੀ ਦਿਖਾਈ ਹਿੰਮਤ
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲਾਂ ਦੀਆਂ ਬੱਸਾਂ ਨੂੰ ਰੋਕਣ ਦੀ ਕਦੇ ਕਿਸੇ ਨੇ ਹਿੰਮਤ ਨਹੀਂ ਕੀਤੀ ਅਤੇ ਉਨ੍ਹਾਂ ਦੀ ਸਰਕਾਰ ਨੇ ਨਾ ਸਿਰਫ ਸਾਰੀਆਂ ਗੈਰ-ਕਾਨੂੰਨੀ ਬੱਸਾਂ ਨੂੰ ਬੰਦ ਕਰ ਦਿੱਤਾ ਹੈ, ਸਗੋਂ ਅਜਿਹੀਆਂ 135 ਬੱਸਾਂ ਨੂੰ ਕਬਜ਼ੇ ਵਿੱਚ ਲੈ ਕੇ ਸੂਬੇ ਦੇ ਖ਼ਜ਼ਾਨੇ ਨੂੰ 14 ਕਰੋੜ ਰੁਪਏ ਦਾ ਮੁਨਾਫ਼ਾ ਵੀ ਦਿਵਾਇਆ। ਮੰਤਰੀ ਨੇ ਦੱਸਿਆ ਕਿ ਸਰਕਾਰੀ ਬੱਸਾਂ ਦੀ ਰੋਜ਼ਾਨਾ ਆਮਦਨ ਵਧ ਕੇ 1.15 ਕਰੋੜ ਰੁਪਏ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਸੂਬੇ ਦਾ ਟਰਾਂਸਪੋਰਟ ਵਿਭਾਗ ਗੈਰ-ਕਾਨੂੰਨੀ ਬੱਸਾਂ ਨੂੰ ਚੱਲਣ ਤੋਂ ਰੋਕਣ ਲਈ ਜੋ ਕੁਝ ਵੀ ਕਰ ਰਿਹਾ ਹੈ, ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ਹੌਸਲੇ ਸਦਕਾ ਹੈ। ਸਮਾਗਮ ਦੀ ਸ਼ੁਰੂਆਤ ਮੌਕੇ ਮਾਰਫੈਡ ਪੰਜਾਬ ਦੇ ਚੇਅਰਮੈਨ ਅਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਫਰੀਦਕੋਟ ਵਿੱਚ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਮੰਗ ਕੀਤੀ।ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਜੈਤੋ ਦੇ ਇੱਕ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ ਜਿਸ ਨੂੰ ਮੁੱਖ ਮੰਤਰੀ ਨੇ ਢੁੱਕਵੀਂ ਪ੍ਰਵਾਨਗੀ ਦੇ ਦਿੱਤੀ ਹੈ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਫਿਰੋਜ਼ਪੁਰ (ਦਿਹਾਤੀ) ਤੋਂ ਵਿਧਾਇਕ ਸਤਕਾਰ ਕੌਰ, ਸਾਬਕਾ ਵਿਧਾਇਕ ਹਰਨਿਰਪਾਲ ਸਿੰਘ ਕੁੱਕੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ, ਭਾਈ ਰਾਹੁਲ, ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਐਸ.ਐਸ.ਪੀ. ਵਰੁਣ ਸ਼ਰਮਾ, ਸਾਬਕਾ ਮੰਤਰੀ ਓਪਿੰਦਰ ਸ਼ਰਮਾ, ਬਲਜੀਤ ਸਿੰਘ ਗੋਰਾ ਤੇ ਹੋਰ ਮੌਜੂਦ ਸਨ।
ਇਹ ਵੀ ਪੜ੍ਹੋ: ਭਗਵੰਤ ਮਾਨ ਦੇ ਸਵਾਲ ’ਤੇ ਆਖਿਰ ਕਿਉਂ ਭੜਕੀ ਅਨਮੋਲ ਗਗਨ ਮਾਨ?