ਚੰਡੀਗੜ੍ਹ: ਪੰਜਾਬ ਦੀ ਨਵੀਂ ਵਜ਼ਾਰਤ (Cabinet) ਬਣ ਗਈ ਹੈ। ਕਾਂਗਰਸ ਹਾਈਕਮਾਂਡ ਕੋਲੋਂ ਅੰਤਮ ਰੂਪ ਦਿਵਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਇਨ੍ਹਾਂ ਮੰਤਰੀਆਂ ਨੂੰ ਸਹੁੰ ਚੁਕਾਉਣ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੂੰ ਸੌਂਪੀ ਗਈ ਸੂਚੀ ਵਿੱਚ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ, ਜਦੋਂਕਿ ਅੱਠ ਪੁਰਾਣੇ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਚੰਨੀ ਸਰਕਾਰ ਦੀ ਕੈਬਨਿਟ ਵਿੱਚ ਮੁੱਖ ਮੰਤਰੀ ਸਮੇਤ ਕੁਲ 18 ਮੰਤਰੀ ਹੋਣਗੇ। ਹੁਣ 15 ਮੰਤਰੀ ਸਹੁੰ ਚੁੱਕਣ ਜਾ ਰਹੇ ਹਨ, ਜਦੋਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ.ਸੋਨੀ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਸਾਰੇ ਖੇਤਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼
ਪੰਜਾਬ ਵਿੱਚ ਕਾਂਗਰਸ ਨੇ ਨਵੀਂ ਕੈਬਨਿਟ ਨਾਲ ਸਾਰੇ ਖੇਤਰਾਂ ਤੇ ਸ਼੍ਰੇਣੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋਸ਼ਲ ਇੰਜੀਨੀਅਰਿੰਗ (Social Engineering) ਫਾਰਮੁਲਾ ਜੱਟ ਸਿੱਖਾਂ (Jatt Sikhs) ਵਿੱਚ ਕਿਤੇ ਨਾ ਕਿਤੇ ਫਿੱਟ ਬੈਠ ਸਕਦਾ ਹੈ ਤੇ ਭਾਜਪਾ ਨੂੰ ਟੱਕਰ ਦੇਣ ਲਈ ਹਿੰਦੂਆਂ ਵਿੱਚ ਵੀ ਚੰਗਾ ਪ੍ਰਭਾਵ ਛੱਡਿਆ ਗਿਆ ਹੈ। ਹਾਲਾਂਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਐਸਸੀ ਸ਼੍ਰੇਣੀ ਨੂੰ ਖੁਸ਼ ਕੀਤਾ ਗਿਆ ਹੈ ਪਰ ਐਸਸੀ ਸ਼੍ਰੇਣੀ (SC Categories) ਨੂੰ ਆਪਣੇ ਹੱਕ ਵਿੱਚ ਕਰਨ ਲਈ ਕਾਫੀ ਮਿਹਨਤ ਕਰਨੀ ਪਵੇਗੀ। ਪਾਰਟੀ ਨੇ ਜਿਥੇ ਮਾਲਵੇ ਦੇ ਦੋ ਜੱਟ ਸਿੱਖ ਚਿਹਰੇ ਕੱਢੇ ਹਨ, ਉਥੇ ਤਿੰਨ ਜੱਟ ਸਿੱਖਾਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਜੱਟ ਸਿੱਖ ਨੂੰ ਮੰਤਰੀ ਬਣਾ ਕੇ ਬਾਜੀਗਰ ਬਰਾਦਰੀ ਦੇ ਬਾਹਰ ਕੱਢੇ ਗਏ ਮੰਤਰੀ ਦੀ ਪੂਰਤੀ ਕੀਤੀ ਗਈ ਹੈ ਤੇ ਨਾਲ ਹੀ ਇੱਕ ਸਾਬਕਾ ਮੁੱਖ ਮੰਤਰੀ ਪਰਿਵਾਰ ਨੂੰ ਖੁਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਦੋਆਬੇ ਵਿੱਚ ਇੱਕ ਖੱਤਰੀ ਚਿਹਰੇ ਦੀ ਛੁੱਟੀ ਕੀਤੀ ਗਈ ਹੈ ਤੇ ਉਨ੍ਹਾਂ ਦੀ ਥਾਂ ਪਛੜੀਆਂ ਸ਼੍ਰੇਣੀਆਂ (BCs) ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ ਤੇ ਦੋ ਜੱਟ ਸਿੱਖਾਂ ਨੂੰ ਮੰਤਰੀ ਬਣਾਇਆ ਗਿਆ ਹੈ। ਇਸ ਤਰ੍ਹਾਂ ਨਾਲ ਪੁਰਾਣੇ ਮੰਤਰੀਆਂ ਦੇ ਨਰਾਜ ਹੋਣ ਦੀ ਸੂਰਤ ਵਿੱਚ ਕਾਂਗਰਸ ਦੀ ਨਵੇਂ ਮੰਤਰੀਆਂ ਨਾਲ ਭਰਪਾਈ ਹੋ ਸਕਦੀ ਹੈ। ਕੈਬਨਿਟ ਰਾਹੀਂ ਕਾਂਗਰਸ ਨੇ ਮਾਝੇ ਵਿੱਚ ਹੋਰ ਤਗੜਾ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਥੋਂ ਪਹਿਲਾਂ ਦੇ ਕਿਸੇ ਮੰਤਰੀ ਨੂੰ ਨਾ ਛੇੜ ਕੇ ਸਗੋਂ ਐਸਸੀ ਸ਼੍ਰੇਣੀ ਤੋਂ ਇੱਕ ਹੋਰ ਮੰਤਰੀ ਨੂੰ ਸ਼ਾਮਲ ਕਰ ਲਿਆ ਗਿਆ ਹੈ।
ਮਾਝਾ-ਮਾਲਵਾ-ਦੋਆਬਾ ਦੀ ਖੇਡ
ਮਾਲਵੇ (Malwa) ਵਿੱਚ ਸਭ ਤੋਂ ਵੱਧ 69 ਹਲਕੇ ਹਨ ਤੇ ਕਾਂਗਰਸ(Congress) ਨੂੰ ਇਥੋਂ ਵੱਡੀ ਜਿੱਤ ਮਿਲਦੀ ਰਹੀ ਹੈ ਪਰ ਇਸ ਕੈਬਨਿਟ ਵਿੱਚ ਵਧੇਰੇ ਜੋਰ ਮਾਝੇ ‘ਤੇ ਲਗਾਇਆ ਗਿਆ ਹੈ। ਇਥੋਂ ਵੀ 2017 ਵਿੱਚ ਪਾਰਟੀ ਨੇ ਕਈ ਸੀਟਾਂ ਜਿੱਤੀਆਂ ਸੀ ਤੇ ਇਸ ਦਾ ਮੁੱਲ ਇਸ ਖੇਤਰ ਦੇ ਵੱਧ ਮੰਤਰੀ ਬਣਾ ਕੇ ਮੋੜਿਆ ਗਿਆ ਹੈ। ਦੋਆਬਾ (Doaba) ਵਿੱਚ ਐਸਸੀ ਸ਼੍ਰੇਣੀ ਦਾ ਵੱਧ ਪ੍ਰਭਾਵ ਹੈ, ਇਥੇ ਪਾਰਟੀ ਨੂੰ ਜੋਰ ਲਗਾਉਣਾ ਪਵੇਗਾ। ਉਂਜ ਇਥੇ ਬਹੁਜਨ ਸਮਾਜ ਪਾਰਟੀ (Bahujan Smaj Party) ਵੀ ਖਾਸਾ ਪ੍ਰਭਾਵ ਰੱਖਦੀ ਹੈ।
ਸੋਸ਼ਲ ਇੰਜੀਨੀਅਰਿੰਗ ਫਾਰਮੂਲੇ ‘ਤੇ ਕਾਂਗਰਸ
ਨਵੀਂ ਕੈਬਨਿਟ ਵਿੱਚ ਜਿਥੇ ਧਰਮ (Religion) ਦੇ ਹਿਸਾਬ ਨਾਲ ਸੰਤੁਲਨ ਬਣਾਇਆ ਗਿਆ ਹੈ, ਉਥੇ ਹੀ ਸਮਾਜਕ ਇੰਜੀਨੀਅਰਿੰਗ ਵੀ ਵਰਤੀ ਗਈ ਹੈ। ਸਰਕਾਰ ਵਿੱਚ ਚਾਰ ਹਿੰਦੂ ਚਿਹਰੇ ਲਏ ਗਏ ਹਨ, ਜਦੋਂਕਿ ਇੱਕ ਮੁਹੰਮਦਨ ਚਿਹਰਾ ਲਿਆ ਗਿਆ ਹੈ ਤੇ ਗਿਆਰਾਂ ਸਿੱਖ ਚਿਹਰੇ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਜੇਕਰ ਜਾਤਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਤਿੰਨ ਐਸਸੀ ਚਿਹਰੇ ਹਨ, ਇੱਕ ਬੀਸੀ ਚਿਹਰਾ ਹੈ ਤੇ ਨੌ ਜੱਟ ਸਿੱਖ ਹਨ। ਅਨੁਸੂਚਿਤ ਜਾਤਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਬਾਲਮਿਕੀ ਸਮਾਜ ਨੂੰ ਵੀ ਪ੍ਰਤੀਨਿਧਤਾ ਮਿਲੀ ਹੈ। ਪੰਚਾਇਤਾਂ ਵਿੱਚ ਮਹਿਲਾਵਾਂ ਨੂੰ 50ਫੀਸਦੀ ਰਾਖਵਾਂ ਕਰਨ ਦੀ ਕੱਲ ਕਰਨ ਵਾਲੀ ਕਾਂਗਰਸ ਦੀ 18 ਮੈਂਬਰੀ ਪੰਜਾਬ ਕੈਬਨਿਟ ਵਿੱਚ ਮਹਿਲਾਵਾਂ ਦੋ ਹੀ ਸ਼ਾਮਲ ਕੀਤੀਆਂ ਗਈਆਂ ਹਨ। ਇਥੇ ਇਹ ਵੀ ਵੱਡੀ ਗੱਲ ਸਾਹਮਣੇ ਆਈ ਹੈ ਕਿ ਇੱਕ ਕਾਰਜਕਾਰੀ ਪ੍ਰਧਾਨ ਦਾ ਨਾਂ ਵੀ ਮੰਤਰੀਆਂ ਦੀ ਸੰਭਾਵੀ ਸੂਚੀ ਵਿੱਚ ਕਾਫੀ ਚਰਚਾ ਵਿੱਚ ਸੀ ਪਰ ਉਨ੍ਹਾਂ ਦੋ ਵਾਰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੋਇਆ ਹੈ ਤੇ ਇਹ ਅਸਤੀਫਾ ਸਪੀਕਰ ਕੋਲ ਅਜੇ ਤੱਕ ਵਿਚਾਰ ਅਧੀਨ ਹੈ।
ਜਾਤ ਅਧਾਰਤ ਅੰਕੜੇ ਮੁਤਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਸਸੀ ਹਨ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੱਟ ਸਿੱਖ ਹਨ ਤੇ ਓਮ ਪ੍ਰਕਾਸ਼ ਸੋਨੀ ਖੱਤਰੀ ਹਨ।
ਨਵੀਂ ਕੈਬਨਿਟ ਦੀ ਫਾਈਨਲ ਲਿਸਟ
ਬ੍ਰਹਮ ਮੋਹਿੰਦਰਾ (ਖੱਤਰੀ)
ਮਨਪ੍ਰੀਤ ਸਿੰਘ ਬਾਦਲ (ਜੱਟ)
ਤ੍ਰਿਪਤ ਰਜਿੰਦਰ ਸਿੰਘ ਬਾਜਵਾ (ਜੱਟ)
ਸੁਖਬਿੰਦਰ ਸਿੰਘ ਸਰਕਾਰੀਆ (ਜੱਟ)
ਰਾਣਾ ਗੁਰਜੀਤ ਸਿੰਘ (ਜੱਟ)
ਅਰੁਣਾ ਚੌਧਰੀ (ਐਸਸੀ)
ਰਜ਼ੀਆ ਸੁਲਤਾਨਾ (ਮੋਹੰਮਦਨ)
ਭਰਤ ਭੂਸ਼ਣ ਆਸ਼ੂ (ਬ੍ਰਾਹਮਣ)
ਵਿਜੈ ਇੰਦਰਾ ਸਿੰਗਲਾ (ਬਾਣੀਆ)
ਰਣਦੀਪ ਸਿੰਘ ਨਾਭਾ (ਜੱਟ)
ਰਾਜ ਕੁਮਾਰ ਵੇਰਕਾ (ਬਾਲਮਿਕੀ)
ਸੰਗਤ ਸਿੰਘ ਗਿਲਜੀਆਂ (ਲਬਾਣਾ)
ਪਰਗਟ ਸਿੰਘ (ਜੱਟ)
ਅਮਰਿੰਦਰ ਸਿੰਘ ਰਾਜਾ ਵੜਿੰਗ (ਜੱਟ)
ਗੁਰਕਿਰਤ ਸਿੰਘ ਕੋਟਲੀ (ਜੱਟ)
ਅਦਲਾ-ਬਦਲੀ
ਇਨ੍ਹਾਂ ਵਿੱਚ ਗੁਰਕੀਰਤ ਸਿੰਘ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ, ਰਾਜ ਕੁਮਾਰ ਵੇਰਕਾ, ਰਣਦੀਪ ਸਿੰਘ ਨਾਭਾ ਨਵੇਂ ਚਿਹਰੇ ਹਨ। ਨਵੀਂ ਕੈਬਨਿਟ ਬਣਾਉਣ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਮੰਨੇ ਜਾਂਦੇ ਮੰਤਰੀਆਂ ਵਿੱਚੋਂ ਰਾਣਾ ਗੁਰਮੀਤ ਸਿੰਘ ਸੋਢੀ, ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ ਤੇ ਸੁੰਦਰ ਸ਼ਾਮ ਅਰੋੜਾ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਵਿੱਚੋਂ ਧਰਮਸੋਤ ‘ਤੇ ਐਸਸੀ ਵਜੀਫਿਆਂ ਵਿੱਚ ਘਪਲੇਬਾਜੀ ਦਾ ਦੋਸ਼ ਵੀ ਲੱਗਿਆ ਸੀ ਤੇ ਬਲਬੀਰ ਸਿੱਧੂ ‘ਤੇ ਸਰਕਾਰੀ ਦਵਾਈਆਂ ਵਿੱਚ ਹੇਰਾਫੇਰੀ ਦਾ ਦੋਸ਼ ਲਗਾਇਆ ਗਿਆ ਸੀ। ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਮੰਤਰੀ ਰਹਿ ਚੁੱਕੇ ਹਨ ਤੇ ਉਹ ਹੁਣ ਨਵੀਂ ਕੈਬਨਿਟ ਵਿੱਚ ਨਹੀਂ ਹਨ, ਜਦੋਂਕਿ ਰਾਣਾ ਗੁਰਜੀਤ ਸਿੰਘ ਪਹਿਲਾਂ ਵੀ ਕੈਪਟਨ ਸਰਕਾਰ ਵੇਲੇ ਮੰਤਰੀ ਰਹਿ ਚੁੱਕੇ ਹਨ ਤੇ ਹੁਣ ਲੰਮੇ ਅਰਸੇ ਬਾਅਦ ਮੁੜ ਮੰਤਰੀ ਬਣਾਏ ਗਏ ਹਨ। ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਦਾ ਨਾਂ ਕਾਫੀ ਚਰਚਾ ਵਿੱਚ ਸੀ ਪਰ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਭਲਕੇ ਨਵੀਂ ਪੰਜਾਬ ਵਜ਼ਾਰਤ ਦੀ ਹੋਵੇਗੀ ਪਹਿਲੀ ਮੀਟਿੰਗ