ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi) ਨੇ ਨਿਊ ਪੈਨਸ਼ਨ ਸਕੀਮ (NPS) ਤਹਿਤ ਮੁਲਾਜਮਾਂ ਦੇ ਪਰਿਵਾਰਾਂ ਲਈ ਫੈਮਲੀ ਪੈਨਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਲਾਭ ਨੈਸ਼ਨਲ ਪੈਨਸ਼ਨ ਸਕੀਮ ਦੇ ਦਾਇਰੇ ਵਿੱਚ ਮਿਲਣਗੇ। ਇਸ ਐਲਾਨ ਨਾਲ ਹੁਣ ਨੌਕਰੀ ਦੌਰਾਨ ਮੁਲਾਜਮਾਂ ਦੀ ਮੌਤ ਉਪਰੰਤ ਉਨ੍ਹਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਮਿਲੇਗੀ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਪੰਜ ਮਈ 2009 ਨੂੰ ਜਾਰੀ ਪੈਨਸ਼ਨ ਗਾਈਡਲਾਈਨਸ ਨੂੰ ਫਾਲੋ ਕਰਦਿਆਂ ਚਾਰ ਸਤੰਬਰ 2019 ਨੂੰ ਨਿਊ ਪੈਨਸ਼ਨ ਸਕੀਣ ਵਿਸ਼ੇਸ਼ ਮਾਡੀਫੀਕੇਸ਼ਨ ਕੀਤੀ ਸੀ ਤੇ ਹੁਣ ਇਸ ਮਾਡੀਫਈਕੇਸ਼ਨ ਮੁਤਾਬਕ ਫੈਮਲੀ ਪੈਨਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪੰਜਾਬ ਕੈਬਨਿਟ ਨੇ ਕੈਪਟਨ ਅਮਰਿੰਦਰ ਸਿੰਘ (Captain Amrinder Singh) ਵੇਲੇ 26 ਅਗਸਤ ਨੂੰ ਇਸ ਫੈਸਲੇ ਨੂੰ ਲਾਗੂ ਕਰਨ ਦਾ ਫੈਸਲਾ ਲੈ ਲਿਆ ਸੀ।
ਮੁਲਾਜਮਾਂ ਲਈ ਅਹਿਮ ਫੈਸਲਾ
ਪੰਜਾਬ ਵਿੱਚ ਮੁਲਾਜਮਾਂ ਲਈ ਵੱਡੀ ਖਬਰ ਆਈ ਹੈ। ਚੰਨੀ ਸਰਕਾਰ (Channi Govt.) ਨੇ ਸ਼ਨੀਵਾਰ ਨੂੰ ਅਹਿਮ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਮੁਲਾਜਮਾਂ ਦੀ ਮੰਗ ਪ੍ਰਵਾਨ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਫੈਮਲੀ ਪੈਨਸ਼ਨ ਦੇਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਤਹਿਤ ਉਨ੍ਹਾਂ ਮੁਲਾਜਮਾਂ ਦੇ ਪਰਿਵਾਰਾਂ ਨੂੰ ਫੈਮਲੀ ਪੈਨਸ਼ਨ ਮਿਲੇਗੀ, ਜਿਨ੍ਹਾਂ ਨੂੰ ਇੱਕ ਜਨਵਰੀ 2004 ਤੋਂ ਬਾਅਦ ਸਰਕਾਰੀ ਨੌਕਰੀ ਮਿਲੀ ਸੀ।
ਕੀ ਹੈ ਫੈਮਲੀ ਪੈਨਸ਼ਨ
ਸਾਲ 2004 ਤੋਂ ਪਹਿਲਾਂ ਸਾਰੇ ਸਰਕਾਰੀ ਮੁਲਾਜਮਾਂ ਨੂੰ ਨੌਕਰੀ ਉਪਰੰਤ ਪੈਨਸ਼ਨ ਮਿਲਦੀ ਸੀ ਤੇ ਸੇਵਾਮੁਕਤੀ ਉਪਰੰਤ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਪੈਨਸ਼ਨ ਮੁਲਾਜਮ ਦੀ ਪਤਨੀ ਨੂੰ ਮਿਲਦੀ ਸੀ ਪਰ ਕੇਂਦਰ ਸਰਕਾਰ ਵੱਲੋਂ ਇੱਕ ਜਨਵਰੀ 2004 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜਮਾਂ ਦੀ ਸੇਵਾਮੁਕਤੀ ਉਪਰੰਤ ਪੈਨਸ਼ਨ ਹੀ ਬੰਦ ਕਰ ਦਿੱਤੀ, ਜਿਸ ਨਾਲ ਸੇਵਾਮੁਕਤੀ ਉਪਰੰਤ ਮੁਲਾਜਮਾਂ ਦੀ ਮੌਤ ‘ਤੇ ਉਨ੍ਹਾਂ ਦੇ ਪਰਿਵਾਰਾਂ ਦੇ ਗੁਜਾਰੇ ਲਈ ਵਿੱਤੀ ਸਰੋਤਾਂ ਦਾ ਰਸਤਾ ਵੀ ਬੰਦ ਹੋ ਗਿਆ ਸੀ। ਇਸੇ ਕਾਰਨ ਮੁਲਾਜਮਾਂ ਨੇ ਆਵਾਜ ਚੁੱਕੀ ਤਾਂ ਕੇਂਦਰ ਸਰਕਾਰ ਨੇ ਸਾਲ 2009 ਵਿੱਚ ਫੈਸਲਾ ਲਿਆ ਸੀ ਕਿ ਇੱਕ ਜਨਵਰੀ 2004 ਉਪਰੰਤ ਨੌਕਰੀ ਹਾਸਲ ਕਰਨ ਵਾਲੇ ਮੁਲਾਜਮਾਂ ਦੀ ਜੇਕਰ ਨੌਕਰੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਪਿੱਛੋਂ ਪਰਿਵਾਰ ਦੇ ਗੁਜਾਰੇ ਲਈ ਫੈਮਲੀ ਪੈਨਸ਼ਨ ਦਿੱਤੀ ਜਾਵੇਗੀ। ਇਹੋ ਫੈਮਲੀ ਪੈਨਸ਼ਨ ਹੈ।
ਪੰਜਾਬ ਵਿੱਚ ਸਕੀਮ ਹੁਣ ਹੋਈ ਲਾਗੂ
ਕੇਂਦਰ ਨੇ ਭਾਵੇਂ ਫੈਮਲੀ ਪੈਨਸ਼ਨ ਦਾ ਫੈਸਲਾ 2009 ਵਿੱਚ ਲੈ ਲਿਆ ਸੀ ਪਰ ਪੰਜਾਬ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਸੀ ਤੇ ਮੁਲਾਜਮਾਂ ਦੀ ਇਹ ਵੱਡੀ ਮੰਗ ਸੀ। ਇਸ ‘ਤੇ ਪਿਛਲੇ ਲਮੇਂ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ ਤੇ ਕੈਪਟਨ ਸਰਕਾਰ ਵੇਲੇ ਮੰਤਰੀ ਮੰਡਲ ਵਿੱਚ ਇਸ ਨੂੰ ਪ੍ਰਵਾਨਗੀ ਵੀ ਦਿੱਤੀ ਗਈ ਸੀ ਪਰ ਅਜੇ ਤੱਕ ਇਸ ਨੂੰ ਲਾਗੂ ਨਹੀਂ ਸੀ ਕੀਤਾ ਗਿਆ। ਸੂਤਰ ਦੱਸਦੇ ਹਨ ਕਿ ਇਸ ਪਿੱਛੇ ਕੁਝ ਉਣਤਾਈਆਂ ਦੂਰ ਕੀਤੀਆਂ ਜਾਣੀਆਂ ਸੀ ਤੇ ਹੁਣ ਇਹ ਉਣਤਾਈਆਂ ਦੂਰ ਹੋਣ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ:ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਤੀਜੇ ਦਿਨ ਵੀ ਲੱਗੀ ਅੱਗ, ਜਾਣੋ ਆਪਣੇ ਸ਼ਹਿਰ ਦੇ ਰੇਟ