ਚੰਡੀਗੜ੍ਹ : ਕਈ ਸਾਲਾਂ ਬਾਅਦ ਪਿਛਲੇ ਹਫ਼ਤੇ ਇਕ ਵਾਰ ਫਿਰ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਅਤੇ ਆਈਏਐਸ ਅਧਿਕਾਰੀ ਦਾ ਮਾਮਲਾ ਮਹਿਲਾ ਕਮਿਸ਼ਨ ਵੱਲੋਂ ਇੱਕ ਵਾਰ ਫਿਰ ਚੁੱਕ ਲਿਆ ਗਿਆ। ਸਰਕਾਰ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦੇਣ ਤੋਂ ਬਾਅਦ ਮਹਿਲਾ ਕਮਿਸ਼ਨ ਨੂੰ ਖੁਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕਰਕੇ ਰਿਪੋਰਟ ਜਲਦ ਭੇਜਣ ਦਾ ਭਰੋਸਾ ਦਿੱਤਾ ਜਿਸ ਬਾਰੇ ਜਾਣਕਾਰੀ ਖੁਦ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦਿੱਤੀ ।
ਮੁੱਖ ਮੰਤਰੀ ਨੇ ਫੋਨ ਕਰ ਕੇ ਰਿਪੋਰਟ ਦੇਣ ਦਾ ਦਿੱਤਾ ਭਰੋਸਾ: ਗੁਲਾਟੀ
ਇੱਥੇ ਦੱਸ ਦੇਈਏ ਕਿ ਇਕ ਮਹਿਲਾ ਅਧਿਕਾਰੀ ਵੱਲੋਂ ਮੁੱਖ ਸਕੱਤਰ ਨੂੰ ਕੈਬਨਿਟ ਮੰਤਰੀ ਖਿਲਾਫ ਸ਼ਿਕਾਇਤ ਦਿੱਤੀ ਗਈ ਅਤੇ ਗੰਭੀਰ ਇਲਜ਼ਾਮ ਲਾਏ ਗਏ ਸਨ। ਜਿਸ ਉਤੇ ਮਹਿਲਾ ਕਮਿਸ਼ਨ ਨੇ ਸਰਕਾਰ ਤੋਂ ਜਵਾਬ ਮੰਗਿਆ ਸੀ ਪਰ ਉਸਦੀ ਰਿਪੋਰਟ ਕਈ ਸਾਲ ਬੀਤਣ ਤੋਂ ਬਾਅਦ ਵੀ ਨਹੀਂ ਮਿਲੀ।
' ਮੁੱਖ ਮੰਤਰੀ ਦਾ ਫ਼ੋਨ ਆਉਣ ਕਰ ਕੇ ਧਰਨਾ ਮੁਲਤਵੀ'
ਕਮਿਸ਼ਨ ਨੇ ਸਰਕਾਰ ਨੂੰ ਇਕ ਹਫਤੇ ਦੇ ਅੰਦਰ ਅੰਦਰ ਇਸ ਦੀ ਰਿਪੋਰਟ ਦੇਣ ਵਾਸਤੇ ਦੁਬਾਰਾ ਲਿਖਿਆ ਸੀ ਅਤੇ ਨਾਲ ਹੀ ਮਹਿਲਾ ਕਮਿਸ਼ਨ ਨੇ ਕਿਹਾ ਸੀ ਕਿ ਜੇ ਇਕ ਹਫ਼ਤੇ ਅੰਦਰ ਰਿਪੋਰਟ ਨਾ ਆਈ ਤਾਂ ਉਹ ਧਰਨਾ ਲਾਉਣਗੇ ।
ਕੀ ਹੈ ਮਾਮਲਾ ?
ਦਰਅਸਲ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਇਕ ਮਹਿਲਾ ਆਈਏਐੱਸ ਅਧਿਕਾਰੀ ਨੇ ਤਿੰਨ ਸਾਲ ਪਹਿਲਾਂ ਖ਼ੁਦ ਨੂੰ ਇਕ ਅਸ਼ਲੀਲ ਮੈਸਿਜ਼ ਕਰਨ ਦੇ ਕਰਨ ਦੇ ਇਲਜ਼ਾਮ ਲਾਏ ਸਨ। ਤਿੰਨ ਸਾਲ ਮਾਮਲਾ ਠੰਢੇ ਬਸਤੇ ਵਿਚ ਦਬਿਆ ਰਿਹਾ। ਹੁਣ ਜਦੋਂ ਸਰਕਾਰ ਦੇ ਕਈ ਵਿਧਾਇਕ ਤੇ ਮੰਤਰੀ ਸਰਕਾਰ ਦੀ ਕਾਰਗੁਜ਼ਾਰੀ ਉਤੇ ਉਂਗਲ ਉਠਾਉਣ ਲੱਗੇ ਤਾਂ ਇਹ ਗੱਡੇ ਮੁਰਦੇ ਉਖਾੜੇ ਜਾ ਰਹੇ ਹਨ। ਇਹ ਇਲਜ਼ਾਮ ਸਰਕਾਰ ਵਿਰੋਧੀਆਂ ਵੱਲੋਂ ਲਾਏ ਜਾ ਰਹੇ ਹਨ। ਇਸ ਵਿਚ ਕਿੰਨੀ ਸੱਚਾਈ ਹੈ ਇਹ ਤਾਂ ਖੁਦ ਸਰਕਾਰ ਦੇ ਨਮਾਇੰਦੇ ਹੀ ਜਾਣਦੇ ਹਨ।
ਫਿਲਹਾਲ ਮਹਿਲਾ ਕਮਿਸ਼ਨ ਵੱਲੋਂ ਧਰਨਾ ਲਾਉਣ ਦਾ ਪ੍ਰੋਗਰਾਮ ਸਥਾਪਿਤ ਕਰ ਦਿੱਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਸੰਕੇਤਿਕ ਸੀ ਤਾਂ ਕਿ ਮਹਿਲਾਵਾਂ ਨੂੰ ਹੌਸਲਾ ਮਿਲੇਗਾ। ਬਹਰਹਾਲ ਇੰਤਜ਼ਾਰ ਰਹੇਗਾ ਕਿ ਮੁੱਖ ਮੰਤਰੀ ਦੇ ਭਰੋਸੇ ਤੋਂ ਬਾਅਦ ਮਹਿਲਾ ਕਮਿਸ਼ਨ ਨੂੰ ਕੀ ਜਵਾਬ ਮਿਲਦਾ ਹੈ।