ਚੰਡੀਗੜ੍ਹ: ਪੁਲਿਸ ਨੇ ਇੱਕ ਅਜਿਹਾ ਮਾਮਲਾ ਸੁਲਝਾ ਲਿਆ ਹੈ, ਜਿਸ ਨੂੰ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਕਿਉਂਕਿ ਇਸ ਮਾਮਲੇ ਵਿੱਚ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ (Chandigarh police arrested two elderly women)। ਇਨ੍ਹਾਂ ਵਿੱਚੋਂ ਇੱਕ ਦੀ ਉਮਰ 70 ਸਾਲ ਅਤੇ ਦੂਜੇ ਦੀ ਉਮਰ 65 ਸਾਲ ਹੈ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਪੰਜਾਹ ਤੋਂ ਵੱਧ ਕੇਸ ਦਰਜ ਹਨ।
ਇਹ ਦੋਵੇਂ ਔਰਤਾਂ ਪਿਛਲੇ ਕਾਫੀ ਸਮੇਂ ਤੋਂ ਚੋਰੀ, ਖੋਹ ਅਤੇ ਧੋਖਾਧੜੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀਆਂ ਸਨ ਪਰ ਕਦੇ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਨਹੀਂ ਆਈਆਂ।ਚੰਡੀਗੜ੍ਹ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਚੰਡੀਗੜ੍ਹ ਪੀਜੀਆਈ ਵਿੱਚ ਇੱਕ ਔਰਤ ਦਾ ਸੋਨੇ ਦਾ ਕੰਗਣ ਚੋਰੀ ਹੋ ਗਿਆ। ਔਰਤ ਨੇ ਇਸ ਸਬੰਧੀ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪੁਲਿਸ ਇਨ੍ਹਾਂ ਦੋਨਾਂ ਔਰਤਾਂ ਤੱਕ ਪਹੁੰਚ ਗਈ।
ਗ੍ਰਿਫ਼ਤਾਰ ਔਰਤਾਂ ਦੀ ਪਛਾਣ 65 ਸਾਲਾ ਸੱਤਿਆ ਉਰਫ ਪ੍ਰੀਤੋ ਅਤੇ 70 ਸਾਲਾ ਗੁਰਮੀਤੋ ਉਰਫ ਲਛਮੀ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 16 ਗ੍ਰਾਮ ਸੋਨੇ ਦੇ ਕੰਗਣ ਅਤੇ ਇੱਕ ਕਟਰ ਬਰਾਮਦ ਕੀਤਾ ਹੈ। ਜਦੋਂ ਪੁਲਿਸ ਨੇ ਇਨ੍ਹਾਂ ਦੋਵਾਂ ਔਰਤਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਵਾਂ ਨੇ ਹੋਰ ਵਾਰਦਾਤਾਂ ਨੂੰ ਵੀ ਕਬੂਲ ਕਰ ਲਿਆ |
ਦੱਸ ਦੇਈਏ ਕਿ ਪੰਜਾਬ ਦੇ ਨਵਾਂਸ਼ਹਿਰ ਦੇ ਸ਼ਿਵਾਲ ਐਨਕਲੇਵ ਦੀ ਰਹਿਣ ਵਾਲੀ 54 ਸਾਲਾ ਸੁਰਜੀਤ ਕੌਰ ਆਪਣੇ ਪਤੀ ਅਮਰਜੀਤ ਸਿੰਘ ਨਾਲ 13 ਅਪ੍ਰੈਲ ਨੂੰ ਪੀਜੀਆਈ ਚੰਡੀਗੜ੍ਹ ਰੂਟੀਨ ਚੈਕਅੱਪ ਲਈ ਆਈ ਸੀ। ਪੀਜੀਆਈ ਤੋਂ ਚੈੱਕਅਪ ਕਰਵਾਉਣ ਤੋਂ ਬਾਅਦ ਜਦੋਂ ਸੁਰਜੀਤ ਕੌਰ ਆਪਣੇ ਪਤੀ ਨਾਲ ਪੀਜੀਆਈ ਦੇ ਬੱਸ ਅੱਡੇ (PGI bus stand) ਤੋਂ ਬੱਸ ਵਿੱਚ ਚੜ੍ਹੀ। ਇਸ ਦੌਰਾਨ ਮੁਲਜ਼ਮ ਔਰਤਾਂ ਨੇ ਸੁਰਜੀਤ ਕੌਰ ਦੇ ਹੈਂਡਬੈਗ ਵਿੱਚੋਂ ਸੋਨੇ ਦਾ ਕੰਗਣ ਚੋਰੀ ਕਰ ਲਿਆ।
ਪੁਲਿਸ ਦੀ ਤਫ਼ਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਮੁਲਜ਼ਮ ਔਰਤਾਂ ਖ਼ਿਲਾਫ਼ ਚੰਡੀਗੜ੍ਹ ਵਿੱਚ ਕਈ ਕੇਸ ਦਰਜ ਹਨ। ਇਨ੍ਹਾਂ ਵਿੱਚ ਮੁਲਜ਼ਮ ਗੁਰਮੀਤ ਉਰਫ਼ ਲੱਛਮੀ ਖ਼ਿਲਾਫ਼ ਐਨਡੀਪੀਐਸ, ਸਨੈਚਿੰਗ, ਧੋਖਾਧੜੀ, ਚੋਰੀ ਅਤੇ ਆਬਕਾਰੀ ਦੇ ਕੁੱਲ 33 ਅਤੇ ਸੱਤਿਆ ਉਰਫ਼ ਪ੍ਰੀਤੋ ਖ਼ਿਲਾਫ਼ 34 ਕੇਸ ਦਰਜ ਹਨ। ਦੋਵਾਂ ਮੁਲਜ਼ਮ ਔਰਤਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ, SC ਨੇ ਇੱਕ ਹਫ਼ਤੇ ਅੰਦਰ ਆਤਮ ਸਮਰਪਣ ਕਰਨ ਦੇ ਦਿੱਤੇ ਹੁਕਮ