ਚੰਡੀਗੜ੍ਹ: ਖੇਤੀ ਕਾਨੂੰਨਾਂ (Agricultural laws) ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕਿਸਾਨਾਂ ਵੱਲੋਂ ਕੇਂਦਰ ਸਰਕਾਰ (Central Government) ‘ਤੇ ਦਬਾਅ ਪਾਉਣ ਦੇ ਲਈ ਲਗਾਤਾਰ ਨਵੀਆਂ ਰਣਨੀਤੀਆਂ ਘੜੀਆਂ ਜਾ ਰਹੀਆਂ ਹਨ ਤਾਂ ਕਿ ਖੇਤੀ ਕਾਨੂੰਨ ਰੱਦ ਕਰਵਾਏ ਜਾ ਸਕਣ।
ਇਸਦੇ ਚੱਲਦੇ ਹੀ ਸੰਯੁਕਤ ਕਿਸਾਨ ਮੋਰਚ ਵੱਲੋਂ ਭਲਕੇ ਯਾਨੀ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸਦੇ ਚੱਲਦੇ ਹੀ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਛੂਟ, ਬੰਦ ਆਦਿ ਨੂੰ ਲੈਕੇ ਵੱਖ-ਵੱਖ ਤਰ੍ਹਾਂ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਦੇਸ਼ ਵਿੱਚ ਵੱਖ-ਵੱਖ ਥਾਵਾਂ ਸੂਬਿਆਂ ਦੀ ਸਰਕਾਰ, ਕੇਂਦਰ ਸਾਸ਼ਿਤ ਪ੍ਰਦੇਸ਼ ਅਤੇ ਉੱਥੋਂ ਦਾ ਪੁਲਿਸ ਪ੍ਰਸ਼ਾਸਨ ਵੀ ਚੌਕਸ ਵਿਖਾਈ ਦੇ ਰਿਹਾ ਹੈ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਵਾਪਰੇ ਅਤੇ ਆਮ ਲੋਕਾਂ ਨੂੰ ਭਾਰਤ ਬੰਦ ਹੋਣ ਕਾਰਨ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਦੇ ਚੱਲਦੇ ਹੀ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਵਾਜਾਈ ਨੂੰ ਲੈਕੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਤਾਂ ਕਿ ਸ਼ਹਿਰ ਦੇ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਸ਼ਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੁੱਲਾਪੁਰ ਬੈਰੀਅਰ ਅਤੇ ਹੱਲੋਮਾਜਰਾ ਲਾਈਟ ਪੁਆਇੰਟ ਰੋਡ ਬੰਦ ਹੋ ਸਕਦਾ ਹੈ ਜਿਸ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਹੋਰ ਰਸਤੇ ਰਾਹੀਂ ਜਾਣ ਦੀ ਪ੍ਰਸ਼ਾਸਨ ਦੇ ਵਲੋਂ ਸਲਾਹ ਦਿੱਤੀ ਗਈ ਹੈ।
ਪ੍ਰਸ਼ਾਸਨ ਦੇ ਵੱਲੋਂ ਬਦਲਵੇਂ ਰੂਟ ਟ੍ਰਿਬਿਊਨ ਚੌਂਕ, ਪੀਜ਼ੀਆਈ ਚੌਂਕ, ਖੁੱਡਾ ਲਾਹੌਰਾ ਬ੍ਰਿੱਜ,ਰਾਏਪੁਰ ਕਲ੍ਹਾਂ ਅਤੇ ਮੱਖਣ ਮਾਜਰਾ ਦੇ ਰਸਤਿਆਂ ਰਾਹੀਂ ਜਾਣ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਭਾਰਤ ਬੰਦ ਨੂੰ ਲੈਕੇ ਹਰਿਆਣਾ ਪੁਲਿਸ ਵੀ ਚੌਕਸ ਵਿਖਾਈ ਦੇ ਰਹੀ ਹੈ ਤਾਂ ਕਿ ਕਿਤੇ ਵੀ ਕੋਈ ਹਿੰਸਾ ਨਾ ਵਾਪਰੇ ਅਤੇ ਨਾਲ ਹੀ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਉਣ ਜਾਣ ਦੇ ਵਿੱਚ ਸਮੱਸਿਆ ਦਾ ਸਾਹਮਣਾ ਖੜ੍ਹਾ ਨਾ ਕਰਨਾ ਪਵੇ।
ਹਰਿਆਣਾ ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਭਾਰਤ ਬੰਦ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦਾ ਵੱਡਾ ਬਿਆਨ