ਚੰਡੀਗੜ੍ਹ: ਪੁਲਿਸ ਉੱਤੇ ਹਮੇਸ਼ਾ ਵਧੀਕੀ ਕਰਨ ਦੇਸ਼ ਦੋਸ਼ ਲੱਗਦੇ ਹੀ ਰਹਿੰਦੇ ਹਨ, ਇਸ ਵਾਰ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਫ਼ਿਰ ਸਵਾਲੀਆਂ ਨਿਸ਼ਾਨ ਲੱਗ ਪਏ ਹਨ। ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਪੁਲਿਸ ਦਾ ਸਾਹਮਣੇ ਆਇਆ ਹੈ।
ਦਰਅਸਲ ਚੰਡੀਗੜ੍ਹ ਦੀ ਰਹਿਣ ਵਾਲੀ ਇੱਕ ਨਾਬਾਲਗ ਲੜਕੀ ਨੇ ਪੁਲਿਸ ਉੱਤੇ ਦੋਸ਼ ਲਾਏ ਹਨ ਕਿ ਪੁਲਿਸ ਨੇ ਉਸ ਨੂੰ ਨਾਬਾਲਗ ਹੁੰਦਿਆਂ ਵੀ ਜੇਲ੍ਹ ਵਿੱਚ 2 ਦਿਨਾਂ ਲਈ ਰੱਖਿਆ ਹੈ।
ਪੀੜਤ ਲੜਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੇ ਉਸ ਦਾ ਆਧਾਰ ਕਾਰਡ ਅਤੇ ਹੋਰ ਕਾਗਜ਼ਾਤ ਦੇਖੇ ਬਿਨਾਂ ਹੀ ਉਸ ਨੂੰ ਬੁੜੈਲ ਜੇਲ੍ਹ ਦੇ ਵਿੱਚ ਭੇਜ ਦਿੱਤਾ। ਉਸ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਉੱਪਰ ਘਰੇਲੂ ਝਗੜੇ ਦਾ ਝੂਠਾ ਮਾਮਲਾ ਦਰਜ ਕਰ ਕੇ ਉਸ ਨੂੰ ਜੇਲ੍ਹ ਵਿੱਚ ਕੀਤਾ ਹੈ।
ਉਸ ਨੇ ਅੱਗੇ ਦੱਸਿਆ ਕਿ ਹੋਰ ਤਾਂ ਹੋਰ ਜਦੋਂ ਉਹ ਦੋ ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਈ ਤਾਂ ਉਸ ਨੂੰ ਪੁਲਿਸ ਵਾਲੇ ਧਮਕਾ ਰਹੇ ਸਨ ਕਿ ਅਗਲੀ ਵਾਰ ਉਸ ਨੂੰ ਸਾਰੀ ਉਮਰ ਲਈ ਜੇਲ੍ਹ ’ਚ ਭੇਜ ਦਿੱਤਾ ਜਾਵੇਗਾ।
ਲੜਕੀ ਨੇ ਇਹ ਵੀ ਦੋਸ਼ ਲਾਏ ਹਨ ਕਿ ਉਹ ਇਸ ਬਾਬਤ ਕਈ ਵਾਰ ਐੱਸ.ਐੱਚ.ਓ ਨੂੰ ਦਰਖ਼ਾਸਤ ਦੇ ਚੁੱਕੀ ਹੈ, ਪਰ ਹਾਲੇ ਤੱਕ ਵੀ ਕੋਈ ਕਾਰਾਵਾਈ ਨਹੀਂ ਕੀਤੀ ਗਈ ਹੈ।
ਇਸ ਮੌਕੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਚਿੰਰਜੀ ਲਾਲ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਹਨ ਕਿ ਉਹ ਉਨ੍ਹਾਂ ਦਾ ਕੰਮਕਾਰ ਬੰਦ ਕਰਵਾ ਦੇਵੇਗਾ ਅਤੇ ਚੰਡੀਗੜ੍ਹ ’ਚ ਵੀ ਰਹਿਣ ਨਹੀਂ ਦਿੱਤਾ ਜਾਵੇਗਾ।
ਪਿਤਾ ਨੇ ਪੁਲਿਸ ਅਧਿਕਾਰੀ ਉੱਤੇ ਦੋਸ਼ ਲਾਉਂਦਿਆਂ ਦੱਸਿਆ ਕਿ ਜੇ ਪੀੜ੍ਹਤ ਪਰਿਵਾਰ ਪੁਲਿਸ ਵਿਰੁੱਧ ਆਵਾਜ਼ ਉਠਾਏਗਾ ਤਾਂ ਉਨ੍ਹਾਂ ਦੀ ਲੜਕੀ ਰੀਤੂ ਨੂੰ ਹਮੇਸ਼ਾ ਲਈ ਜੇਲ੍ਹ ਭੇਜ ਦਿੱਤਾ ਜਾਵੇਗਾ। ਲੜਕੀ ਦੇ ਪਿਤਾ ਨੇ ਪ੍ਰਸ਼ਾਸ਼ਨ ਤੋਂ ਆਪਣੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਗੌਰਤਲਬ ਹੈ ਕਿ ਲੜਕੀ ਰੀਤੂ ਦੀ ਉਮਰ 17 ਸਾਲ ਹੈ, ਹੈਰਾਨੀ ਦੀ ਗੱਲ ਹੈ ਕਿ ਚੰਡੀਗੜ੍ਹ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਉਸ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਕੋਈ ਵੀ ਕਾਗਜ਼ ਪੱਤਰ ਜਾਂਚ ਕਰਨੀ ਦੀ ਜ਼ਿੰਮੇਵਾਰੀ ਨਹੀਂ ਸਮਝੀ।