ਚੰਡੀਗੜ੍ਹ: ਸ਼ਨੀਵਾਰ ਤੜਕੇ ਟ੍ਰਾਈਸਿਟੀ ਵਿੱਚ ਇੱਕ ਵਾਰ ਫਿਰ ਚੋਰੀ ਨੂੰ ਅੰਜਾਮ ਦਿੱਤਾ ਗਿਆ। ਸੈਕਟਰ 23 ਵਿੱਚ ਸਥਿਤ ਮਹਾਂਲਕਸ਼ਮੀ ਡਾਇਮੰਡ ਜਵੈਲਰੀ ਸ਼ੋਅਰੂਮ ਵਿੱਚ ਕੰਮ ਕਰਨ ਵਾਲੇ ਇੱਕ ਕਾਰੀਗਰ ਨੇ ਬੜੇ ਸਾਤਿਰ ਤਰੀਕੇ ਨਾਲ ਤਜ਼ੋਰੀ ਤੋੜ ਕਰੀਬ ਸਵਾ ਕਰੋੜ ਰੁਪਏ ਦਾ ਸੋਨਾ ਅਤੇ ਹੀਰੇ ਚੋਰੀ ਕਰਕੇ ਲੈ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ, ਐਸਪੀ ਸਮੇਤ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।
ਜਾਣਕਾਰੀ ਅਨੁਸਾਰ ਆਕਾਸ਼ ਨਾਮ ਦਾ ਇੱਕ ਕਾਰੀਗਰ ਇਸ ਗਹਿਣਿਆਂ ਦੇ ਸ਼ੋਅਰੂਮ ਵਿਚ ਕੰਮ ਕਰਦਾ ਸੀ। ਸ਼ਨੀਵਾਰ ਨੂੰ ਉਸ ਦਾ ਜਨਮਦਿਨ ਸੀ, ਇਸ ਲਈ ਉਸਨੇ ਆਪਣੇ ਸਾਥੀਆਂ ਨਾਲ ਰਾਤ 3 ਵਜੇ ਤੱਕ ਸ਼ੋਅਰੂਮ ਵਿੱਚ ਪਾਰਟੀ ਕੀਤੀ ਸੀ। ਪਾਰਟੀ ਦੌਰਾਨ ਆਕਾਸ਼ ਨੇ ਕੋਲਡ ਡਰਿੰਕ 'ਚ ਨਸ਼ੀਲਾ ਪਦਾਰਥ ਮਿਲਾ ਕਿ ਆਪਣੇ ਸਾਥੀਆਂ ਨੂੰ ਦੇ ਦਿੱਤਾ। ਜਿਸ ਤੋਂ ਬਾਅਦ ਉਸਦੇ ਸਾਰੇ ਸਾਥੀ ਬੇਹੋਸ਼ ਹੋ ਗਏ, ਸਾਥੀਆਂ ਦੇ ਬੇਹੋਸ਼ ਹੁੰਦੇ ਹੀ ਅਕਾਸ਼ ਸ਼ੋਅਰੂਮ ਵਿਚ ਰੱਖੀ ਹੋਈ ਲਾਕਰ ਨੂੰ ਬਾਥਰੂਮ ਵਿਚ ਲੈ ਗਿਆ, ਜਿੱਥੇ ਉਸ ਨੇ ਲਾਕਰ ਤੋੜ ਦਿੱਤਾ।
ਇਸ ਤੋਂ ਬਾਅਦ ਅਕਾਸ਼ ਤਿਜ਼ੋਰੀ ਵਿੱਚ ਰੱਖੇ ਗਹਿਣੇ ਅਤੇ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਸ਼ੋਅਰੂਮ ਦੇ ਮਾਲਕ ਅਨੂਪ ਕੋਹਲੀ ਨੇ ਦੱਸਿਆ ਕਿ ਤਿਜ਼ੋਰੀ ਵਿੱਚ ਕਰੀਬ ਸਵਾ ਕਿਲੋਗ੍ਰਾਮ ਸੋਨਾ, 40 ਕੈਰਟ ਦੇ ਹੀਰੇ ਅਤੇ 3 ਲੱਖ ਰੁਪਏ ਰੱਖੇ ਗਏ ਸਨ। ਜਿਸ ਨੂੰ ਮੁਲਜ਼ਮ ਕਾਰੀਗਰ ਨੇ ਚੋਰੀ ਕੀਤਾ ਸੀ। ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਦੋਸ਼ੀ ਕਾਰੀਗਰ ਆਕਾਸ਼ ਕੋਲਕਾਤਾ ਦੇ ਹੁੱਗਲੀ ਦਾ ਵਸਨੀਕ ਹੈ। ਇੱਥੋਂ ਫਰਾਰ ਹੋਣ ਵੇਲੇ ਉਹ ਆਪਣੇ ਸਾਥੀ ਦੇ ਮੋਟਰਸਾਈਕਲ ਲੈ ਕੇ ਭੱਜਿਆ ਹੈ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਆਸ ਪਾਸ ਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਟਰਾਈਸਿਟੀ ਵਿੱਚ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ:- ਕੇਜਰੀਵਾਲ ਤੇ ਕੁੰਵਰ ਵਿਜੇ ਪ੍ਰਤਾਪ ਦੇ ਲੱਗੇ ਪੋਸਟਰ ਪਾੜੇ, ਮਾਹੌਲ ਬਣਿਆ ਤਣਾਅਪੂਰਨ