ਚੰਡੀਗੜ੍ਹ: ਸੈਕਟਰ 47 ਦੇ ਸਰਕਾਰੀ ਮਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੀ ਜਾਨ ਦਾ ਖ਼ਤਰਾ ਹਰ ਵੇਲੇ ਸਤਾ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਅਲਾਟ ਹੋਏ ਸਰਕਾਰੀ ਮਕਾਨਾਂ ਦੀ ਹਾਲਤ ਬੇਹਦ ਖਸਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਕਾਨਾਂ ਦੀ ਮੁਰੰਮਤ ਕਰਨਾ ਤਾਂ ਦੂਰ ਉਹ ਇਥੇ ਰਹਿੰਦੇ ਲੋਕਾਂ ਦੀ ਕਦੇ ਸਾਰ ਲੈਣ ਵੀ ਨਹੀਂ ਆਏ। ਬਰਸਾਤ ਦੇ ਮੌਸਮ 'ਚ ਇਨ੍ਹਾਂ ਸਰਕਾਰੀ ਮਕਾਨਾਂ ਦੀ ਹਾਲਤ ਬਦਤਰ ਹੋ ਗਈ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਥੇ ਰਹਿੰਦੇ ਹੋਏ ਉਨ੍ਹਾਂ ਨੂੰ 5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਕਈ ਬਾਰ ਸ਼ਿਕਾਇਤ ਵੀ ਕੀਤੀ ਕਿ ਉਨ੍ਹਾਂ ਦੇ ਮਕਾਨਾਂ ਦੀ ਮੁਰੰਮਤ ਕੀਤੀ ਜਾਵੇ ਪਰ ਕੋਈ ਅੱਜ ਤੱਕ ਨਹੀਂ ਆਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਸੀਲਣ ਦੇ ਕਾਰਨ ਦੀਵਾਰਾਂ, ਪੋੜੀਆਂ ਟੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਵੇਲੇ ਮੀਂਹ ਪੈਂਦਾ ਹੈ ਤਾਂ ਉਨ੍ਹਾਂ ਦੀਆਂ ਛੱਤਾਂ 'ਚੋਂ ਪਾਣੀ ਰਿਸਦਾ ਹੈ। ਹਾਲਾਤ ਅਜਿਹੇ ਹਨ ਕਿ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਦੇ ਆਲੇ-ਦੁਆਲੇ ਬਰਸਾਤ ਦਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਮਲੇਰੀਆਂ, ਡੇਂਗੂ ਵਰਗੀਆਂ ਬਿਮਾਰੀਆਂ ਦੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਇਹ ਮਕਾਨ ਵੱਡੇ ਅਫਸਰਾਂ ਦੇ ਹੁੰਦੇ ਤਾਂ ਹਾਲੇ ਤੱਕ ਇਨ੍ਹਾਂ ਦੀ ਮੁਰੰਮਤ ਹੋ ਜਾਂਦੀ ਪਰ ਇਹ ਮਕਾਨ ਫੋਰਥ ਕਲਾਸ ਕਰਮਚਾਰੀਆਂ ਦੇ ਹਨ, ਇਸ ਕਰਕੇ ਇਨ੍ਹਾਂ ਉੱਤੇ ਕੋਈ ਧਿਆਨ ਨਹੀਂ ਦੇ ਰਿਹਾ। ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਮਜਬੂਰੀ ਹੈ ਕਿ ਉਨ੍ਹਾਂ ਨੂੰ ਉੱਥੇ ਰਹਿਣਾ ਪੈ ਰਿਹਾ ਹੈ। ਹੁਣ ਪ੍ਰਸ਼ਾਸਨ ਇਨ੍ਹਾਂ ਦੀ ਸਾਰ ਲੈਂਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ।