ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਖੁਸ਼ਖ਼ਬਰੀ ਦਿੱਤੀ ਹੈ, ਪ੍ਰਸ਼ਾਸਨ ਨੇ ਵੀਕਐਂਡ 'ਤੇ ਸੁਖਨਾ ਲੇਕ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੁਖਨਾ ਲੇਕ ਵੀਕਐਂਡ 'ਤੇ ਬੰਦ ਕੀਤੀ ਹੋਈ ਸੀ ਪਰ ਹੁਣ ਪ੍ਰਸ਼ਾਸਨ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ।
ਇਸ ਹਫ਼ਤੇ ਤੋਂ ਸੁਖਨਾ ਲੇਕ ਵੀਕਐਂਡ ਖੋਲ੍ਹ ਦਿੱਤੀ ਗਈ ਹੈ ਤੇ ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਮੀਟਿੰਗ ਦੇ ਵਿੱਚ ਲਿਆ ਗਿਆ ਹੈ। ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਕਰਕੇ ਵੀਕਐਂਡ 'ਤੇ ਲੇਕ ਬੰਦ ਸੀ। ਹਾਲਾਂਕਿ ਲੋਕ ਬਾਕੀ ਦਿਨਾਂ ਵਿੱਚ ਸੁਖਨਾ ਲੇਕ 'ਤੇ ਘੁੰਮਣ ਜ਼ਰੂਰ ਆ ਰਹੇ ਸਨ ਪਰ ਹੁਣ ਹਫ਼ਤੇ ਦੇ ਅਖੀਰ ਵਿੱਚ ਵੀ ਉਹ ਸੁਖਨਾ ਲੇਕ 'ਤੇ ਘੁੰਮਣ ਆ ਸਕਦੇ ਹਨ।
ਪ੍ਰਸ਼ਾਸਨ ਨੇ ਕਿਹਾ ਹੈ ਕਿ ਲੇਕ 'ਤੇ ਘੁੰਮਣ ਆਉਣ ਵਾਲੇ ਲੋਕਾਂ ਨੂੰ ਸਰਕਾਰ ਵੱਲੋ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਤੇ ਮਾਸਕ ਪਾਉਣਾ ਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੋਵੇਗਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਤੇ ਮੌਤਾਂ ਦਾ ਆਂਕੜਾ ਵੀ ਵਧਦਾ ਜਾ ਰਿਹਾ ਹੈ। ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਵੀਕਐਂਡ 'ਤੇ ਘੁੰਮਣਾ ਵਾਲੀਆਂ ਥਾਵਾਂ ਖੋਲ੍ਹ ਰਿਹਾ ਹੈ।