ਚੰਡੀਗੜ੍ਹ: ਇੱਕ ਪਾਸੇ ਜਿੱਥੇ 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ’ਚ ਚੋਣ ਅਖਾੜਾ ਭਖ ਚੁੱਕਿਆ ਹੈ ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ (Aam Aadmi Party) ਦੇ ਇਨ੍ਹਾਂ 10 ਆਗੂਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਪੁਲਿਸ ਦੇ ਨਾਲ ਹੱਥੋਪਾਈ ਕਰਨ ਦੇ ਮਾਮਲੇ ’ਚ ਆਮ ਆਦਮੀ ਪਾਰਟੀ ਦੇ 10 ਆਗੂ ਜਿਨ੍ਹਾਂ ’ਚ ਸਾਂਸਦ ਮੈਂਬਰ ਭਗਵੰਤ ਮਾਨ (Bhagwant Mann), ਵਿਧਾਇਕ ਹਰਪਾਲ ਸਿੰਘ ਚੀਮਾ (Harpal Singh Cheema), ਮਾਸਟਰ ਬਲਦੇਵ ਸਿੰਘ, ਬਲਜਿੰਦਰ ਕੌਰ, ਮੀਤ ਹੇਅਰ, ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਮਨਜੀਤ ਸਿੰਘ ਅਤੇ ਦੋ ਹੋਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਜੈ ਸਿੰਘ ਸ਼ਾਮਲ ਹਨ ਉਨ੍ਹਾਂ ਦੇ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਮਾਮਲਾ ਚਲਾਇਆ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਸਾਰੇ ਆਪ ਆਗੂਆਂ ਦੇ ਖਿਲਾਫ ਸੈਕਟਰ ਤਿੰਨ ਥਾਣਾ ਪੁਲਿਸ ਨੇ ਜੁਡੀਸ਼ੀਅਲ ਮੈਜਿਸਟ੍ਰੇਟ (Judicial Magistrate) ਅਮਨਿੰਦਰ ਸਿੰਘ ਦੀ ਕੋਰਟ ਵਿਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਉਨ੍ਹਾਂ ਵੱਲੋਂ ਆਗੂਆਂ ਨੂੰ ਜਵਾਬ ਦੇਣ ਦੇ ਲਈ ਨੋਟਿਸ ਕਰ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ ਇੱਕ ਦਸੰਬਰ ਨੂੰ ਹੋਵੇਗੀ। ਇਹ ਸਾਰੇ ਮਾਮਲਿਆਂ ਦੇ ਖਿਲਾਫ ਆਈਪੀਸੀ ਦੀ ਧਾਰਾ 147,149,332,253 ਦੇ ਤਹਿਤ ਮਾਮਲਾ ਚਲਾਇਆ ਜਾਵੇਗਾ।
ਇਹ ਸੀ ਮਾਮਲਾ
ਦੱਸ ਦਈਏ ਕਿ ਜਨਵਰੀ 2020 ਨੂੰ ਪੰਜਾਬ ਚ ਮਹਿੰਗੀ ਬਿਜਲੀ ਦੇ ਮੁੱਦੇ ’ਤੇ ਇਹ ਆਗੂ ਸੈਂਕੜੇ ਆਪ ਵਰਕਰਾਂ ਦੇ ਨਾਲ ਸੀਐੱਮ ਦੀ ਕੋਠੀ ਦਾ ਘਿਰਾਓ ਕਰਨ ਲਈ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਹੱਥੋਪਾਈ ਹੋਈ। ਜਿਸ ਕਾਰਨ ਇੰਸਪੈਕਟਰ ਮਲਕੀਤ ਸਿੰਘ, ਕਾਂਸਟੇਬਲ ਵਿਨੀਤ ਕੁਮਾਰ ਅਤੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਜ਼ਖਮੀ ਹੋ ਗਏ ਸੀ। ਜਿਸ ਤੋਂ ਬਾਅਦ ਸੈਕਟਰ 3 ਦੇ ਪੁਲਿਸ ਥਾਣੇ ਨੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਇਨ੍ਹਾਂ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਆਪ ਵਰਕਰਾਂ ਵੱਲੋਂ ਕੀਤਾ ਗਿਆ ਸੀ ਪ੍ਰਦਰਸ਼ਨ
ਕਾਬਿਲੇਗੌਰ ਹੈ ਕਿ 12 ਜਨਵਰੀ 2020 ਨੂੰ ਸੈਂਕੜੇ ਵਰਕਰ ਐਮਐਲਏ ਹੋਸਟਲ ਦੇ ਬਾਹਰ ਇਕੱਠਾ ਹੋਏ ਸੀ। ਸਾਰੇ ਮੁੱਖ ਮੰਤਰੀ ਦੇ ਸਰਕਾਰੀ ਕੋਠੀ ਤੱਕ ਜਾਣ ਲੱਗ ਪਏ। ਮੌਕੇ ’ਤੇ ਮੌਜੂਦ ਪੁਲਿਸ ਵੱਲੋਂ ਬੈਰੀਕੇਡਿੰਗ ਕਰ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਕਿਹਾ ਗਿਆ ਕਿ ਜੇਕਰ ਮੰਗ ਪੱਤਰ ਦੇਣਾ ਚਾਹੁੰਦੇ ਹਨ ਤਾਂ ਦੋ ਤਿੰਨ ਲੋਕ ਪੁਲਿਸ ਦੇ ਨਾਲ ਜਾ ਸਕਦੇ ਹਨ ਪਰ ਵਰਕਰਾਂ ਨੇ ਪੁਲਿਸ ’ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਵਰਕਰਾਂ ’ਤੇ ਜਲ ਤੋਪਾਂ ਦਾ ਇਸਤੇਮਾਲ ਕੀਤਾ। ਇਸ ਦੌਰਾਨ ਕਈ ਪੁਲਿਸ ਕਰਮੀ ਵੀ ਜ਼ਖਮੀ ਹੋ ਗਏ ਸੀ।
ਇਹ ਵੀ ਪੜੋ: ਕੈਪਟਨ ਦੇ ਜਵਾਬ ਤੋਂ ਬਾਅਦ ਹਰਪਾਲ ਚੀਮਾ ਨੇ ਮੰਗਿਆ ਅਸਤੀਫ਼ਾ