ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਟੋਕਿਓ ਓਲੰਪਿਅਨਾਂ ਨੂੰ ਰਾਤ ਦੇ ਖਾਣੇ ਦੀ ਦਾਵਤ ਦਿੱਤੀ ਗਈ ਹੈ। ਸਾਰੇ ਖਿਡਾਰੀ ਮੁੱਖ ਮੰਤਰੀ ਦੀ ਪਟਿਆਲਾ ਵਿਖੇ ਰਿਹਾਇਸ਼ ‘ਤੇ ਪਹੁੰਚੇ ਹੋਏ ਹਨ। ਖਿਡਾਰੀਆਂ ਦੇ ਲਈ ਮੁੱਖ ਮੰਤਰੀ ਵੱਲੋਂ ਖੁਦ ਵੱਖ ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ ਹਨ। ਖਿਡਾਰੀਆਂ ਦੇ ਨਾਲ ਨਾਲ ਪੰਜਾਬ ਦੇ ਮੰਤਰੀ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਹਨ।
ਕੈਪਟਨ ਨੇ ਖੁਦ ਖਾਣਾ ਬਣਾਉਣ ਤੋਂ ਪਰੋਸਣ ਤੱਕ ਦੀ ਨਿਭਾਈ ਮੇਜ਼ਬਾਨੀ
ਮੁੱਖ ਮੰਤਰੀ ਨੇ ਓਲੰਪੀਅਨ ਖਿਡਾਰੀਆਂ ਲਈ ਖੁਦ ਖਾਣਾ ਤਿਆਰ ਕਰਨ ਤੋਂ ਲੈ ਕੇ ਪਰੋਸਣ ਤੱਕ ਦੀ ਮੇਜ਼ਬਾਨੀ ਨਿਭਾਈ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਲੰਪੀਅਨ ਖਿਡਾਰੀਆਂ ਦੇ ਮਾਣ ਵਿਚ ਆਪਣੇ ਨਿਵਾਸ ਉਤੇ ਕੀਤੀ ਮੇਜ਼ਬਾਨੀ ਦੇ ਮਾਹੌਲ ਨੂੰ ਆਨੰਦਮਈ ਅਤੇ ਯਾਦਗਾਰੀ ਬਣਾ ਦਿੱਤਾ। ਮੁੱਖ ਮੰਤਰੀ ਵੱਲੋਂ ਸੂਬੇ ਦੇ ਓਲੰਪੀਅਨਾਂ ਅਤੇ ਨੇਜਾ ਸੁਟਾਵੇਂ ਨੀਰਜ ਚੋਪੜਾ ਨਾਲ ਕੀਤੇ ਵਾਅਦੇ ਮੁਤਾਬਕ ਇਨ੍ਹਾਂ ਪਲਾਂ ਨੂੰ ਅੱਜ ਸਾਕਾਰ ਰੂਪ ਦਿੱਤਾ।
ਪਕਵਾਨ ਬਣਾਉਣ ਬਾਰੇ ਕੈਪਟਨ ਨੇ ਦੀ ਦਿੱਤੀ ਜਾਣਕਾਰੀ
ਮੁੱਖ ਮੰਤਰੀ ਨੇ ਦੱਸਿਆ ਕਿ ਕਿਹਾ,“ਉਨ੍ਹਾਂ ਨੇ ਪਕਵਾਨ ਬਣਾਉਣੇ ਸਵੇਰੇ 11 ਵਜੇ ਬਣਾਉਣਾ ਸ਼ੁਰੂ ਕੀਤਾ ਸੀ। ਜ਼ਿਆਦਾਤਰ ਕੰਮ ਸ਼ਾਮ 5 ਵਜੇ ਦੇ ਕਰੀਬ ਨਿਪਟ ਗਿਆ ਸੀ ਅਤੇ ਉਸ ਤੋਂ ਬਾਅਦ ਅੰਤਿਮ ਛੋਹਾਂ ਦੇਣ ਦਾ ਸਮਾਂ ਸੀ, ਪਰ ਉਨ੍ਹਾਂ ਇਸ ਹਰੇਕ ਪਲ ਨੂੰ ਮਾਣਿਆ।” ਉਨ੍ਹਾਂ ਕਿਹਾ,”ਖਿਡਾਰੀਆਂ ਨੇ ਜਿੱਤ ਦੇ ਜਸ਼ਨ ਲਈ ਬਹੁਤ ਮਿਹਨਤ ਕੀਤੀ ਜਦਕਿ ਮੇਰੇ ਵੱਲੋਂ ਕੀਤੀ ਕੋਸ਼ਿਸ਼ ਉਸ ਦੇ ਮੁਕਾਬਲੇ ਕੁਝ ਵੀ ਨਹੀਂ।“
ਕੈਪਟਨ ਮਹਿਮਾਨਾਂ ਨੂੰ ਖਾਣਾ ਪਤੀਲਿਆਂ ‘ਚੋਂ ਪਰੋਸਦੇ ਵੀ ਦਿਖਾਈ ਦਿੱਤੇ
ਕੈਪਟਨ ਅਮਰਿੰਦਰ ਸਿੰਘ ਦੀ ਮੇਜ਼ਬਾਨੀ ਦੀ ਖੁਸ਼ੀ ਦਾ ਸਪੱਸ਼ਟ ਤੌਰ ਉਤੇ ਕੋਈ ਠਿਕਾਣਾ ਨਹੀਂ ਸੀ ਜਦੋਂ ਉਹ ਨਿੱਜੀ ਤੌਰ ਉਤੇ ਮਹਿਮਾਨਾਂ ਨੂੰ ਸਿੱਧਾ ਪਤੀਲਿਆਂ ਵਿੱਚੋਂ ਉਨ੍ਹਾਂ ਦੀ ਪਸੰਦ ਮੁਤਾਬਕ ਖਾਣਾ ਪਰੋਸਦੇ ਹੋਏ ਦੇਖੇ ਗਏ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ, “ਸਿੱਧਾ ਖਾਣੇ ਵਾਲੇ ਭਾਂਡੇ ਵਿੱਚੋਂ ਪਰੋਸਿਆ ਖਾਣਾ ਹਮੇਸ਼ਾ ਹੀ ਵੱਧ ਜ਼ਾਇਕੇਦਾਰ ਹੁੰਦਾ ਹੈ ਅਤੇ ਭੋਜਨ ਬਾਰੇ ਉਨ੍ਹਾਂ ਦਾ ਗਿਆਨ, ਉਨ੍ਹਾਂ ਦੇ ਖਾਣਾ ਪਕਾਉਣ ਦੇ ਹੁਨਰ ਨਾਲੋਂ ਘੱਟ ਨਹੀਂ।
ਵੱਖ-ਵੱਖ ਵੰਨਗੀਆਂ ਦਾ ਖਾਣਾ ਕੀਤਾ ਤਿਆਰ
ਖਾਣਿਆਂ ਦੀ ਵੰਨਗੀ ਵਿੱਚ ਮਟਨ ਖਾਰਾ ਪਿਸ਼ੌਰੀ, ਲੌਂਗ ਇਲਾਚੀ ਚਿਕਨ, ਆਲੂ ਕੋਰਮਾ, ਦਾਲ ਮਸਰੀ, ਮੁਰਗ ਕੋਰਮਾ, ਦੁਗਾਨੀ ਬਰਿਆਨੀ ਅਤੇ ਜ਼ਰਦਾ ਚਾਵਲ (ਮਿੱਠੀ ਡਿਸ਼) ਸ਼ਾਮਲ ਹਨ। ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ (ਡੀ.ਐਸ.ਪੀ. ਪੰਜਾਬ ਪੁਲਿਸ) ਨੇ ਕਿਹਾ ਕਿ ਉਨ੍ਹਾਂ ਨੇ ਮਹਾਰਾਜਾ ਦੇ ਖਾਣੇ ਬਾਰੇ ਸੁਣਿਆ ਤਾਂ ਸੀ ਪਰ ਅੱਜ ਜੋ ਉਨ੍ਹਾਂ ਨੇ ਸੁਆਦ ਮਾਣਿਆ, ਉਹ ਉਨ੍ਹਾਂ ਦੀਆਂ ਉਮੀਦਾਂ ਤੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ ਮੈਨੂੰ ਆਲੂ ਪਸੰਦ ਸਨ। ਡਿਸਕਸ ਥਰੋਅ ਕਮਲਪ੍ਰੀਤ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਖਾਣੇ ਬਣਾਉਣ ਅਤੇ ਪ੍ਰਾਹੁਣਚਾਰੀ ਦੋਵਾਂ ਤੋਂ ਬਹੁਤ ਪ੍ਰਭਾਵਤ ਹੋਈ। ਨੀਰਜ ਚੋਪੜਾ ਦਾ ਹਵਾਲਾ ਦਿੰਦਿਆਂ ਕਿਹਾ, "ਇਹ ਬਹੁਤ ਵਧੀਆ ਸੀ (ਘੀ ਨਾਲ ਭਰਪੂਰ) ਪਰ ਇਹ ਸ਼ਾਨਦਾਰ ਭੋਜਨ ਸੀ।"
ਨੀਰਜ਼ ਚੌਪੜਾ, ਹਾਕੀ ਕਪਤਾਨ ਮਨਪ੍ਰੀਤ ਤੋਂ ਲੈਕੇ ਸਾਰੇ ਖਿਡਾਰੀ ਵਿਖਾਈ ਦਿੱਤੇ ਮੌਜੂਦ
ਸ਼ਾਮ ਦੇ ਇਸ ਪ੍ਰੋਗਰਾਮ ਦੌਰਾਨ ਵਿਸ਼ੇਸ਼ ਮਹਿਮਾਨਾਂ ਵਿੱਚ ਓਲੰਪਿਕ ਜੈਵਲਿਨ ਥ੍ਰੋ ਗੋਲਡ ਮੈਡਲਿਸਟ ਨੀਰਜ ਚੋਪੜਾ ਤੋਂ ਇਲਾਵਾ ਓਲੰਪਿਕ ਕਾਂਸੀ ਤਮਗਾ ਜੇਤੂ ਹਾਕੀ ਖਿਡਾਰੀ ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ ਕਪਤਾਨ), ਮਨਦੀਪ ਸਿੰਘ, ਹਾਰਦਿਕ ਸਿੰਘ, ਰੁਪਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਅਤੇ ਸਿਮਰਨਜੀਤ ਸਿੰਘ ਸ਼ਾਮਲ ਸਨ।
ਮਹਿਲਾ ਹਾਕੀ ਸੈਮੀ ਫਾਈਨਲਿਸਟ ਗੁਰਜੀਤ ਕੌਰ ਅਤੇ ਰੀਨਾ ਖੋਖਰ, ਰਿਜ਼ਰਵ ਹਾਕੀ ਖਿਡਾਰੀ ਕ੍ਰਿਸ਼ਨ ਬਹਾਦਰ ਪਾਠਕ ਅਤੇ ਓਲੰਪਿਕ ਫਾਈਨਲਿਸਟ ਅਥਲੀਟ ਕਮਲਪ੍ਰੀਤ ਕੌਰ ਵੀ ਉਹਨਾਂ ਮਹਿਮਾਨਾਂ ਵਿੱਚ ਸ਼ਾਮਲ ਹਨ ਜਿਹਨਾਂ ਨੂੰ 50-50 ਲੱਖ ਰੁਪਏ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਓਲੰਪਿਕ ਵਿੱਚ ਭਾਗ ਲੈਣ ਵਾਲੇ ਰੇਸ-ਵਾਕਰ ਗੁਰਪ੍ਰੀਤ ਸਿੰਘ ਅਤੇ ਨਿਸ਼ਾਨੇਬਾਜ਼ ਅੰਗਦਵੀਰ ਸਿੰਘ ਬਾਜਵਾ ਲਈ 21 ਲੱਖ ਰੁਪਏ ਦਾ ਐਲਾਨ ਵੀ ਕੀਤਾ ਗਿਆ ਸੀ। ਇਹਨਾਂ ਖਿਡਾਰੀਆਂ ਨੂੰ ਵੀ ਡਿਨਰ ਲਈ ਸੱਦਾ ਦਿੱਤਾ ਗਿਆ ਸੀ।
ਕੈਪਟਨ ਨੇ ਓਲੰਪਿਅਨਾਂ ਨਾਲ ਖਾਣਾ ਖੁਦ ਬਣਾ ਕੇ ਖੁਆਉਣ ਦਾ ਕੀਤਾ ਸੀ ਵਾਅਦਾ
ਜ਼ਿਕਰਯੋਗ ਹੈ ਟੋਕਿਓ ਓਲੰਪਿਕ ਵਿੱਚ ਪੰਜਾਬ ਦਾ ਨਾਮ ਦਾ ਪੂਰੇ ਵਿਸ਼ਵ ਵਿੱਚ ਰੌਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਕੈਪਟਨ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਉਨ੍ਹਾਂ ਦੇ ਲਈ ਖੁਦ ਪਕਵਾਨ ਤਿਆਰ ਕਰਨਗੇ ਤੇ ਉਨ੍ਹਾਂ ਨਾਲ ਡਿੰਨਰ ਕਰਨਗੇ। ਜਿਸ ਤੋਂ ਬਾਅਦ ਅੱਜ ਮੁੱਖ ਮੰਤਰੀ ਵੱਲੋਂ ਖਿਡਾਰੀਆਂ ਦੇ ਨਾਲ ਡਿੰਨਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਸਿੱਧੂ-ਕੈਪਟਨ ਕਲੇਸ਼ ‘ਤੇ ਰਾਵਤ ਦੇ ਬਿਆਨ ਨੇ ਭਖਾਈ ਪੰਜਾਬ ਦੀ ਸਿਆਸਤ, ਵੇਖੋ ਖਾਸ ਰਿਪੋਰਟ