ਚੰਡੀਗੜ੍ਹ : ਪੰਜਾਬ ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨਾਲ ਚਾਹ ਦੇ ਕੱਪ 'ਤੇ ਮਿਲਣੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਅਹੁਦੇਦਾਰਾਂ ਨੂੰ ਦੇਸ਼ ਦੀ ਧਰਮ ਨਿੱਰਪੱਖਤਾ ਦੀ ਰਾਖੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਸਲਾਹ ਦਿੱਤੀ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਉਤਸ਼ਾਹਿਤ ਕੀਤਾ। ਇਸੇ ਨਾਲ ਹੀ ਉਨ੍ਹਾਂ ਆਖਿਆਂ ਕਿ ਸੂਬਾ ਸਰਕਾਰ ਬਿਜਲੀ ਖ਼ਰੀਦ ਸਮਝੌਤਿਆਂ 'ਤੇ ਮੁੜ ਵਿਚਾਰ ਕਰਨ ਜਾ ਰਹੀ ਹੈ।
ਪੰਜਾਬ ਵਾਸੀਆਂ 'ਤੇ ਪੈ ਰਹੇ ਮਹਿੰਗੀ ਬਿਜਲੀ ਦੇ ਬੋਝ ਬਾਰੇ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਆਖਿਆ ਕਿ ਸਰਕਾਰ ਬਿਜਲੀ ਖ਼ਰੀਦ ਸਮਝੌਤਿਆਂ (ਪੀ.ਪੀ.ਏ.) 'ਤੇ ਮੁੜ ਵਿਚਾਰ ਕਰਨ ਜਾ ਰਹੀ ਹੈ। ਉਨ੍ਹਾਂ ਇਨ੍ਹਾਂ ਸਮਝੋਤਿਆਂ ਲਈ ਅਕਾਲੀ ਦਲ ਨੂੰ ਜਿੰਮੇਵਾਰ ਦੱਸਿਆ ਹੈ।
ਇਸ ਮਿਲਣੀ ਦੌਰਾਨ ਮੁੱਖ ਮੰਤਰੀ ਨੇ ਯੂਥ ਆਗੂਆ ਨੂੰ ਸਲਾਹ ਦਿੱਤੀ ਕਿ ਦੇਸ਼ ਵਿੱਚ ਭਾਜਪਾ ਵੱਲੋਂ ਪਾਈ ਜਾ ਰਹੀ ਧਾਰਮਿਕ ਵੰਡ ਨੂੰ ਰੋਕਣ ਅਤੇ ਦੇਸ਼ ਦੀ ਧਰਮ ਨਿਰਪੱਖਤਾ ਦੀ ਰਾਖੀ ਕਰਨ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੇ ਮੈਂਬਰ ਵਿਰੋਧੀ ਧਿਰ ਵੱਲੋਂ ਸਰਕਾਰ ਦੇ ਬਾਰੇ ਕੀਤੇ ਜਾ ਰਹੇ ਨਕਾਰਾਤਮਕ ਪ੍ਰਚਾਰ ਨੂੰ ਰੋਕਣ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਦਾ ਕਰਨ।
ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਮਾਰਟ ਸਕੂਲਾਂ ਦਾ ਨਿਰਮਾਣ ਕਰ ਰਹੀ ਹੈ। ਸੂਬੇ ਵਿੱਚ 13,000 ਸਮਾਰਟ ਸਕੂਲਾਂ ਦਾ ਨਿਰਮਾਣ ਕੀਤਾ ਜਾਵੇਗਾ। ਉਦਯੋਗਿਕ ਖੇਤਰ ਵਿੱਚ ਹੁਣ ਤੱਕ 60,000 ਕਰੋੜ ਦਾ ਨਿਵੇਸ਼ ਸੂਬੇ ਵਿੱਚ ਕੀਤਾ ਜਾ ਚੁੱਕਿਆ ਹੈ।