ਚੰਡੀਗੜ੍ਹ: ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਦੇ ਵਲੋਂ ਆਪਣੀਆਂ ਰੈਲੀਆਂ ਮੁਲਤਵੀ ਕਰਨ ਦਾ ਐਲਾਨ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਪ ਵੱਲੋਂ ਉਨ੍ਹਾਂ ਦੀ ਰੈਲੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅਕਾਲੀ ਦਲ ਉੱਪਰ ਜੰਮਕੇ ਨਿਸ਼ਾਨੇ ਸਾਧੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਨਾਰਾਜ਼ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਏ ਗਏ ਪੈਨਲ ਨੂੰ ਲੈਕੇ ਨਿਸ਼ਾਨੇ ਸਾਧਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਈ ਵੀ ਗੱਲਬਾਤ ਬਾਦਲਾਂ ਨੂੰ ਕਿਸਾਨ ਭਾਈਚਾਰੇ ਉੱਤੇ ਘਿਨਾਉਣੇ ਅਤੇ ਗੈਰ-ਜਮਹੂਰੀ ਖੇਤੀ ਕਾਨੂੰਨ ਥੋਪਣ ਵਿੱਚ ਨਿਭਾਈ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦੀ।
ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਜਿੱਥੇ ਇਸ ਸਾਰੀ ਸਮੱਸਿਆ ਦੀ ਜੜ੍ਹ ਹਨ, ਉਥੇ ਹੀ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਦੀ ਸਾਜ਼ਿਸ਼ ਵਿਚ ਵੀ ਇਨ੍ਹਾਂ ਦੀ ਮਿਲੀਭੁਗਤ ਸੀ ਜਿਸ ਕਰਕੇ ਅਕਾਲੀ ਦਲ ਕਿਸਾਨਾਂ ਤੋਂ ਮੁਆਫੀ ਦੀ ਕੋਈ ਆਸ ਨਾ ਰੱਖੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਅਕਾਲੀਆਂ ਦੇ ਰਵੱਈਏ ਦੀ ਮਿਸਾਲ ਤਾਂ ਇਸ ਗੱਲ ਤੋਂ ਮਿਲ ਜਾਂਦੀ ਹੈ ਕਿ ਹੁਣ ਵੀ ਕਿਸਾਨਾਂ ਦੀ ਪੀੜਾ ਤੇ ਵੇਦਨਾ ਦਾ ਅਹਿਸਾਸ ਕਰਨ ਦੀ ਬਜਾਏ ਸੁਖਬੀਰ ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਮੰਨਣ ਤੋਂ ਹੀ ਇਨਕਾਰੀ ਹੋ ਰਿਹਾ ਹੈ ਅਤੇ ਇੱਥੋਂ ਤੱਕ ਕਿ ਕਿਸਾਨਾਂ ਦੀ ਕਾਂਗਰਸ ਸਮੇਤ ਹੋਰ ਸਿਆਸੀ ਪਾਰਟੀਆਂ ਪ੍ਰਤੀ ਵਫਾਦਾਰੀ ਹੋਣ ਦੇ ਦੋਸ਼ ਲਾ ਕੇ ਸਗੋਂ ਉਨ੍ਹਾਂ ਨੂੰ ਬੇਇੱਜ਼ਤ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ, “ਸੁਖਬੀਰ ਇਕ ਕਿਸਾਨ ਨੂੰ ਪਛਾਣ ਤੱਕ ਨਹੀਂ ਸਕਦੇ ਤਾਂ ਫੇਰ ਤੁਸੀਂ ਕਿਸਾਨਾਂ ਦਾ ਭਰੋਸਾ ਅਤੇ ਵਿਸ਼ਵਾਸ ਹਾਸਲ ਕਰਨ ਦੀ ਉਮੀਦ ਕਿਵੇਂ ਰੱਖ ਸਕਦੇ ਹੋ।” ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਚੁਣਾਵੀ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦੇਣ ਅਤੇ ਕਿਸਾਨਾਂ ਨਾਲ ਗੱਲਬਾਤ ਚਲਾਉਣ ਲਈ ਪੈਨਲ ਦਾ ਗਠਨ ਕੀਤੇ ਜਾਣ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਨੂੰ ਰਿਝਾਉਣ ਦਾ ਬੁਖਲਾਹਟ ਭਰਿਆ ਕਦਮ ਦੱਸਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿਚ ਬਾਦਲਾਂ ਦੀ ਦਿਲਚਸਪੀ ਇਸ ਗੱਲ ਵਿਚ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਸੱਤਾ ਵਿਚ ਵਾਪਸੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮਗਰਮੱਛ ਦੇ ਹੰਝੂ ਵਹਾ ਕੇ ਵੀ ਕਿਸਾਨਾਂ ਦਾ ਭਰੋਸਾ ਹਾਸਲ ਕਰਨ ਵਿਚ ਨਾਕਾਮ ਰਹਿਣ ਤੋਂ ਬਾਅਦ ਅਕਾਲੀ ਹੁਣ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਢਕਵੰਜ ਕਰ ਰਹੇ ਹਨ।
ਇਹ ਵੀ ਪੜ੍ਹੋ:ਚੋਣਾਂ ਤੋੋਂ ਪਹਿਲਾਂ ਗਰਮਾਇਆ ਕਿਸਾਨੀ ਮੁੱਦਾ, ਵੱਡਾ ਸਵਾਲ ਕਿਸ ਤਰ੍ਹਾਂ ਹੋਣਗੀਆਂ ਸੂਬੇ ‘ਚ ਚੋਣਾਂ ?