ਚੰਡੀਗੜ੍ਹ: ਕੈਪਟਨ ਦੀ ਸਕੀਮ 'ਕੈਪਟਨ ਸਮਾਰਟ ਕਨੈਕਟ' ਦੇ ਤਹਿਤ ਸੂਬੇ ਭਰ ਵਿੱਚ ਵੀਡੀਓ ਕਾਨਫਰੰਸ ਰਾਹੀਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਉੱਥੇ ਹੀ ਮੋਹਾਲੀ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਤਕਰੀਬਨ 5500 ਵਿਦਿਆਰਥੀਆਂ ਨੂੰ ਮੋਬਾਈਲ ਵੰਡੇ ਗਏ।
ਇਸ ਤਹਿਤ ਮੋਬਾਈਲ ਲੈਣ ਵਾਲੇ ਵਿਦਿਆਰਥੀ ਅੰਮ੍ਰਿਤਪਾਲ ਨੇ ਕਿਹਾ ਕਿ ਉਹ ਬਾਰ੍ਹਵੀਂ ਦੇ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਹੈ ਤੇ ਘਰ ਵਿੱਚ ਇੱਕ ਫੋਨ ਹੋਣ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਸ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਪਿਤਾ ਸਿਕਿਊਰਿਟੀ ਗਾਰਡ ਦੀ ਨੌਕਰੀ ਕਰਦੇ ਹਨ ਜਿਸ ਮੁਤਾਬਕ ਹੁਣ ਉਹ ਸਮਾਰਟਫੋਨ ਮਿਲਣ ਦੇ ਨਾਲ ਜਿੱਥੇ ਆਨਲਾਈਨ ਆਪਣੀ ਪੜ੍ਹਾਈ ਸਹੀ ਤਰੀਕੇ ਨਾਲ ਕਰ ਸਕੇਗਾ, ਉੱਥੇ ਹੀ ਅਧਿਆਪਕਾਂ ਨੂੰ ਵੀ ਵੀਡੀਓ ਕਾਲ ਰਾਹੀਂ ਕੋਈ ਵੀ ਸਵਾਲ ਜਵਾਬ ਕਰ ਸਕੇਗਾ। ਅੰਮ੍ਰਿਤਪਾਲ ਨੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਸਮਾਰਟਫੋਨ ਦੀ ਵਰਤੋਂ ਪੜ੍ਹਾਈ ਦੇ ਲਈ ਹੀ ਕਰਨ।
ਤੁਹਾਨੂੰ ਦੱਸ ਦਈਏ ਕਿ ਬਾਰ੍ਹਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਸਮਾਰਟਫੋਨ ਦਿੱਤੇ ਜਾ ਰਹੇ ਹਨ। ਉੱਥੇ ਹੀ ਮਾਪਿਆਂ ਦੇ ਲਈ ਵੀ ਬੱਚਿਆਂ ਉੱਪਰ ਨਿਗਰਾਨੀ ਰੱਖਣਾ ਹੁਣ ਲਾਜ਼ਮੀ ਹੋਵੇਗਾ ਕਿਉਂਕਿ ਸਮਾਰਟਫੋਨ ਹੱਥ ਦੇ ਵਿੱਚ ਆਉਣ ਦੇ ਨਾਲ ਬੱਚਾ ਪੜ੍ਹਾਈ ਕਰ ਰਿਹਾ ਹੈ ਜਾਂ ਕੁਝ ਹੋਰ ਚੀਜ਼ਾਂ ਇੰਟਰਨੈੱਟ ਰਾਹੀਂ ਦੇਖ ਰਿਹਾ ਹੈ ਇਸ ਦਾ ਪਤਾ ਰੱਖਣਾ ਵੀ ਮਾਪਿਆਂ ਲਈ ਜ਼ਰੂਰੀ ਹੋ ਗਿਆ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੌਣ ਮਨੋਰਥ ਪੱਤਰ ਵਿੱਚ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਹੁਣ 4 ਸਾਲਾਂ ਬਾਅਦ ਪੂਰਾ ਹੋ ਗਿਆ ਹੈ।