ਚੰਡੀਗੜ੍ਹ: ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਇੱਕ-ਦੂਜੇ 'ਤੇ ਤੰਜ ਕਸੇ ਜਾ ਰਹੇ ਹਨ। ਇਨ੍ਹਾਂ ਆਰਡੀਨੈਂਸਾਂ ਨੂੰ ਲੈ ਕੇ ਅਕਾਲੀ ਦਲ ਨੇ ਆਪਣੀ ਕੇਂਦਰੀ ਵਜ਼ੀਰ ਤੋਂ ਅਸਤੀਫ਼ਾ ਦਵਾ ਦਿੱਤਾ ਹੈ, ਜਿਸ 'ਤੇ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਵੱਲੋਂ ਲਏ ਇਸ ਯੂ-ਟਰਨ 'ਤੇ ਉਨ੍ਹਾਂ ਪਾਸੋਂ 10 ਸਵਾਲਾਂ ਦੇ ਜਵਾਬ ਮੰਗੇ ਹਨ। ਉਨ੍ਹਾਂ ਕਿਹਾ ਕਿ ਆਰਡੀਨੈਂਸਾਂ ਦੇ ਜਾਰੀ ਹੋਣ ਤੋਂ ਲੈ ਕੇ ਬਾਦਲਾਂ ਨੇ ਖੁੱਲ੍ਹੇਆਮ ਅਤੇ ਬੇਸ਼ਰਮੀ ਨਾਲ ਇਨ੍ਹਾਂ ਦਾ ਸਮਰਥਨ ਕੀਤਾ ਪਰ ਹੁਣ ਲੋਕਾਂ ਦਾ ਵਿਰੋਧ ਦੇਖ ਉਨ੍ਹਾਂ ਨੇ ਆਪਣੇ ਬਿਆਨ ਬਦਲ ਲਏ ਹਨ।
ਇਨ੍ਹਾਂ ਆਰਡੀਨੈਂਸਾਂ ਨੂੰ ਸੰਸਦ ਵਿੱਚ ਪੇਸ਼ ਕਰਨ ਦੇ ਸਮੇਂ ਤੋਂ ਲੈ ਕੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਵੱਲੋਂ ਕੀਤੇ ਜਾ ਰਹੇ ਬੇਰੋਕ ਹਮਲਿਆਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਆਗੂ ਆਪਣੇ ਗੰਧਲੇ ਹੋ ਚੁੱਕੇ ਚਿਹਰਿਆਂ 'ਤੇ ਪੋਚਾ ਫੇਰਨ ਲਈ ਝੂਠ ਦਾ ਤਾਣਾ-ਬਾਣਾ ਬੁਣ ਰਹੇ ਹਨ ਜਦਕਿ ਲੋਕਾਂ ਦੀ ਕਚਿਹਰੀ ਵਿੱਚ ਇਹ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹਨ। ਪਿਛਲੇ ਕੁਝ ਦਿਨਾਂ ਵਿੱਚ ਸੁਖਬੀਰ ਅਤੇ ਹਰਸਿਮਰਤ ਵੱਲੋਂ ਬੋਲੇ ਗਏ ਝੂਠ-ਦਰ-ਝੂਠ ਦੀ ਸਖ਼ਤ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਇਨ੍ਹਾਂ ਪਾਸੋਂ ਸਵਾਲ ਪੁੱਛੇ ਕਿ:
• ''ਕੀ ਇਨ੍ਹਾਂ ਆਰਡੀਨੈਂਸਾਂ ਦੇ ਲੋਕ ਸਭਾ ਵਿੱਚ ਪੇਸ਼ ਹੋਣ ਤੱਕ ਤੁਹਾਡੇ ਦੋਵਾਂ ਵਿੱਚੋਂ ਕਿਸੇ ਨੇ ਇੱਕ ਵਾਰ ਵੀ ਇਨ੍ਹਾਂ ਨੂੰ ਕਿਸਾਨ ਵਿਰੋਧੀ ਆਰਡੀਨੈਂਸ ਕਰਾਰ ਦਿੱਤਾ?''
• ''ਕੀ ਕਿਸੇ ਵੀ ਭਾਈਵਾਲ ਦੇ ਸਲਾਹ ਮਸ਼ਵਰੇ ਤੋਂ ਬਿਨਾਂ ਇਨ੍ਹਾਂ ਆਰਡੀਨੈਂਸਾਂ ਨੂੰ ਜਾਰੀ ਕਰਨ ਮੌਕੇ ਹਰਸਿਮਰਤ ਬਾਦਲ ਕੇਂਦਰੀ ਕੈਬਨਿਟ ਦਾ ਹਿੱਸਾ ਨਹੀਂ ਸੀ ਜਦਕਿ ਹੁਣ ਹਰਸਿਮਰਤ ਨੇ ਇਸ ਕਾਰਨ ਨੂੰ ਵੀ ਆਪਣੇ ਅਸਤੀਫੇ ਦਾ ਆਧਾਰ ਬਣਾ ਲਿਆ ਕਿ ਕੇਂਦਰ ਨੇ ਇਨ੍ਹਾਂ ਭਾਈਵਾਲਾਂ ਨਾਲ ਸਲਾਹ ਕਰਨ ਬਾਰੇ ਉਨ੍ਹਾਂ ਦੀ ਮੰਗ ਨਹੀਂ ਮੰਨੀ?''
• ''ਕੀ ਹਰਸਿਮਰਤ ਬਾਦਲ ਨੇ ਅਸਤੀਫ਼ਾ ਦੇਣ ਤੱਕ ਇਕ ਵਾਰ ਵੀ ਕਿਸਾਨਾਂ ਨੂੰ ਇਹ ਦੱਸਿਆ ਕਿ ਉਹ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ ਲਈ ਕੇਂਦਰ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਬਾਰੇ ਹੁਣ ਉਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ?''
• ''ਹਰਸਿਮਰਤ ਬਾਦਲ ਜੇਕਰ ਨਵੇਂ ਕਾਨੂੰਨਾਂ ਦਾ ਕਿਸਾਨਾਂ 'ਤੇ ਮਾਰੂ ਪ੍ਰਭਾਵ ਪੈਣ ਬਾਰੇ ਸੱਚਮੁਚ ਹੀ ਫਿਕਰਮੰਦ ਹੈ ਤਾਂ ਉਹ ਇਨ੍ਹਾਂ ਚਿੰਤਾਵਾਂ ਨੂੰ ਆਪਣੀਆਂ ਚਿੰਤਾਵਾਂ ਦੀ ਬਜਾਏ ਕਿਸਾਨਾਂ ਦੀਆਂ ਹੀ ਕਿਉਂ ਦੱਸ ਰਹੀ ਹੈ? ਕੀ ਇਸ ਦਾ ਇਹ ਮਤਲਬ ਹੋਇਆ ਕੀ ਉਸ ਦਾ ਅਜੇ ਵੀ ਇਹ ਮੰਨਣਾ ਹੈ ਕਿ ਇਹ ਘਾਤਕ ਕਾਨੂੰਨ ਕਿਸਾਨ ਪੱਖੀ ਹੋਣਗੇ ਜਦਕਿ ਇਸ ਦੇ ਉਲਟ ਉਸ ਵੱਲੋਂ ਕਿਸਾਨਾਂ ਕੋਲ ਇਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?''
• ਸ਼ੋਮਣੀ ਅਕਾਲੀ ਦਲ ਹੁਣ ਵੀ ਐਨ.ਡੀ.ਏ. ਦਾ ਭਾਈਵਾਲ ਕਿਉਂ ਹੈ ਜਿਵੇਂ ਕਿ ਹਰਸਿਮਰਤ ਨੇ ਖੁਦ ਮੰਨਿਆ ਹੈ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਾਹਮਣੇ ਉਸ ਵੱਲੋਂ ਰੱਖੀਆਂ ਚਿੰਤਾਵਾਂ ਨੂੰ ਸੁਲਝਾਉਣ ਵਿੱਚ ਉਹ ਨਾਕਾਮ ਰਹੇ?''
• ''ਕੀ ਤੁਸੀਂ ਇਕ ਵੀ ਕਿਸਾਨ ਪੱਖੀ ਪਹਿਲਕਦਮੀ ਦਾ ਜ਼ਿਕਰ ਕਰ ਸਕਦੇ ਹੋ ਜੋ ਪਿਛਲੇ ਛੇ ਸਾਲਾਂ ਵਿੱਚ ਤੁਸੀਂ ਕੇਂਦਰ ਦੀ ਭਾਜਪਾ ਸਰਕਾਰ ਪਾਸੋਂ ਲਾਗੂ ਕਰਵਾਈ ਹੋਵੇ?
- ਕੀ ਸੁਖਬੀਰ ਬਾਦਲ ਨੇ ਮੇਰੇ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਇਸ ਮੁੱਦੇ 'ਤੇ ਸਪੱਸ਼ਟ ਤੌਰ 'ਤੇ ਇਹ ਨਹੀਂ ਆਖਿਆ ਸੀ ਕਿ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹਨ ਅਤੇ ਸਗੋਂ ਇਨ੍ਹਾਂ ਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ?''
• ''ਕੀ ਤੁਹਾਡੇ ਦੋਵਾਂ ਵਿੱਚੋਂ ਕੋਈ ਵੀ ਉੱਚ ਤਾਕਤੀ ਕਮੇਟੀ ਦੀਆਂ ਮੀਟਿੰਗਾਂ ਵਿੱਚ ਹਾਜ਼ਰ ਸੀ ਜਿਸ ਕਮੇਟੀ ਉੱਪਰ ਤੁਸੀਂ ਮੇਰੀ ਸਰਕਾਰ ਦੇ ਸਟੈਂਡ ਅਤੇ ਜਵਾਬ ਬਾਰੇ ਬੇਹੁਦਾ ਦਾਅਵੇ ਕਰ ਰਹੇ ਹੋ?''
• ''ਤੁਸੀਂ ਅਤੇ ਤੁਹਾਡੀ ਪਾਰਟੀ ਨੇ ਕਾਂਗਰਸ ਪਾਰਟੀ ਦੇ 2019 ਦੇ ਲੋਕ ਸਭਾ ਦੇ ਮੈਨੀਫੈਸਟੋ ਅਤੇ 2017 ਦੇ ਪੰਜਾਬ ਕਾਂਗਰਸ ਦੇ ਮੈਨੀਫੈਸਟੋ ਵਿੱਚ ਦਰਜ ਖੇਤੀਬਾੜੀ ਨਾਲ ਸਬੰਧਤ ਮੁੱਖ ਹਿੱਸਿਆਂ ਨੂੰ ਜਾਣਬੁੱਝ ਕੇ ਅਤੇ ਮਾੜੀ ਨੀਅਤ ਨਾਲ ਅਣਗੌਲਿਆ ਕਿਉਂ ਕੀਤਾ?''
• ''ਕੀ ਤੁਸੀਂ ਸੱਚਮੁੱਚ ਇਹ ਮੰਨਦੇ ਹੋ ਕੀ ਆਪਣੇ ਝੂਠਾਂ ਨੂੰ ਅਕਸਰ ਦੁਹਰਾਉਣ ਨਾਲ ਤਸੀਂ ਉਨ੍ਹਾਂ ਨੂੰ ਸੱਚਾਈ ਦੀ ਤਰ੍ਹਾਂ ਕਹਿ ਸਕੋਗੇ ਅਤੇ ਕਿਸਾਨਾਂ ਨੂੰ ਮੂਰਖ ਬਣਾਓਗੇ ਜਿਨ੍ਹਾਂ ਦਾ ਜੀਵਨ ਪੰਜਾਬ ਵਿੱਚ ਤੁਹਾਡੇ ਦਸ ਸਾਲਾਂ ਦੇ ਕੁਸਾਸ਼ਨ ਰਾਹੀਂ ਤਬਾਹੀ ਦੇ ਰਾਹ 'ਤੇ ਪਾਉਣ ਲਈ ਤੁਹਾਡੀ ਪਾਰਟੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ?''
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਅਕਾਲੀ ਦਲ ਅਤੇ ਬਾਦਲ ਇਨ੍ਹਾਂ ਸਵਾਲਾਂ, ਜੋ ਉਨ੍ਹਾਂ ਵੱਲੋਂ ਕੀਤੇ ਪਾਪਾਂ ਦਾ ਸਿਰਫ਼ ਇੱਕ ਮਾਤਰ ਭਾਗ ਹੈ, ਦਾ ਕੋਈ ਵੀ ਤਰਕਪੂਰਨ ਜਵਾਬ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਖ਼ਾਸ ਕਰਕੇ ਕਿਸਾਨ ਇਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।