ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਿਰ 'ਤੇ ਪਹਿਲਾਂ ਦੀ ਬਹੁਤ ਕਰਜ਼ਾ ਚੜਿਆ ਹੋਇਆ ਹੈ, ਅਜਿਹੇ 'ਚ ਇੱਕ ਵਾਰ ਮੁੜ ਤੋਂ ਸੂਬਾ ਸਰਕਾਰ ਕੇਂਦਰ ਤੋਂ ਹੋਰ ਕਰਜ਼ਾ ਲੈਣ ਦੀ ਤਿਆਰੀ 'ਚ ਹੈ। ਬੀਤੇ ਕਈ ਸਮੇਂ ਤੋਂ ਸਰਕਾਰ ਲਗਾਤਾਰ ਵਿੱਤੀ ਸੰਕਟ ਦਾ ਹਵਾਲਾ ਦੇ ਰਹੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਕਈ ਵਾਰ ਕਿਹਾ ਹੈ ਕਿ ਉਨ੍ਹਾਂ ਦਾ ਖ਼ਜ਼ਾਨਾ ਖਾਲੀ ਹੈ। ਸਰਕਾਰ ਦੇ ਮੁੜ ਕਰਜ਼ਾ ਲੈਣ 'ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਈ ਸਵਾਲ ਚੁੱਕੇ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਚੀਮਾ ਨੇ ਕਿਹਾ ਕਿ ਪਹਿਲਾਂ ਪੰਜਾਬ ਕੈਬਿਨੇਟ 'ਚ ਇਹ ਫੈਸਲਾ ਲਿਆ ਗਿਆ ਸੀ ਕਿ ਉਹ ਕਰਜ਼ਾ 3 ਫ਼ੀਸਦੀ ਤੋਂ 5 ਫ਼ੀਸਦੀ ਨਹੀਂ ਕਰਨਗੇ ਤੇ ਨਾ ਹੀ ਕੇਂਦਰ ਵੱਲੋਂ ਕਰਜ਼ੇ ਲਈ ਜਾਰੀ ਹਦਾਇਤਾਂ ਮੰਨਣਗੇ, ਪਰ ਹੁਣ ਕੇਂਦਰ ਸਰਕਾਰ ਕੋਰੋਨਾ ਕਾਲ ਦੇ ਚਲਦੇ ਸੂਬਾ ਸਰਕਾਰਾਂ ਨੂੰ 2 ਫੀਸਦੀ ਹੋਰ ਕਰਜ਼ਾ ਦੇ ਰਹੀ ਹੈ। ਇਸ 'ਤੇ ਚੀਮਾ ਨੇ ਕਿਹਾ ਕਿ ਜਿਹੜਾ ਹੋਰ 2 ਫੀਸਦੀ ਕਰਜ਼ਾ ਦੇਣ ਦੀ ਗੱਲ ਕੇਂਦਰ ਸਰਕਾਰ ਕਰ ਰਹੀ ਹੈ, ਉਸ ਵਿੱਚ ਸਿਰਫ਼ 0.5 ਫੀਸਦੀ 'ਚ ਤਾਂ ਸਰਕਾਰ ਦੀ ਕੋਈ ਹਦਾਇਤ ਨਹੀਂ ਹੈ ਪਰ ਬਾਕਿ ਦੇ 1.5 ਫੀਸਦੀ 'ਚ ਕੇਂਦਰ ਦੀਆਂ ਸੂਬਾ ਸਰਕਾਰਾਂ ਨੂੰ ਕੁਝ ਹਦਾਇਤਾਂ ਹਨ।
ਜੇ ਸੂਬਾ ਸਰਕਾਰ ਕਰਜ਼ਾ ਲੈਂਦੀ ਹੈ ਤਾਂ ਕੇਂਦਰ ਦੀਆਂ ਹਦਾਇਤਾਂ ਨੂੰ ਮੰਨਣਾ ਪਵੇਗਾ। ਕੇਂਦਰ ਦੀ ਹਦਾਇਤਾਂ ਮੁਤਾਬਕ ਬਿਜਲੀ ਸਬਸਿਡੀ ਬੰਦ ਕਰ ਦਿੱਤੀ ਜਾਵੇਗੀ। ਹਰਪਾਲ ਸਿੰਘ ਚੀਮਾ ਨੇ ਇਸ ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਬਾਬਤ ਸਪੱਸ਼ਟੀਕਰਨ ਦੇਣ ਦੀ ਗੱਲ ਆਖੀ ਹੈ।
ਚੀਮਾ ਨੇ ਦੱਸਿਆ ਕਿ ਸਰਕਾਰ ਜਿੱਥੇ ਕਿਸਾਨਾਂ ਦੇ ਟਿਊਬਲਾਂ 'ਤੇ ਮਿਲਣ ਵਾਲੀ ਸਬਸਿਡੀ ਨੂੰ ਖ਼ਤਮ ਕਰ ਰਹੀ ਹੈ, ਉੱਥੇ ਹੀ ਗਰੀਬ ਲੋਕਾਂ ਨੂੰ ਮਿਲਣ ਵਾਲੀ 200 ਯੂਨਿਟ ਮੁਫ਼ਤ ਬਿਜਲੀ ਨੂੰ ਵੀ ਖ਼ਤਮ ਕਰ ਦੇਵੇਗੀ।
ਕੇਂਦਰ ਦੀਆਂ ਸ਼ਰਤਾਂ ਦੇ ਹਿਸਾਬ ਨਾਲ 12,130 ਕਰੋੜ ਦਾ ਹੋਰ ਕਰਜ਼ਾ ਲੈਣ ਨਾਲ ਦਲਿਤਾਂ ਨੂੰ ਮਿਲਣ ਵਾਲੇ ਬਿਜਲੀ ਯੂਨਿਟ ਤੇ ਕਿਸਾਨਾਂ ਦੇ ਟਿਊਬਵੈਲ 'ਤੇ ਮਿਲਣ ਵਾਲੀ ਸਬਸਿਡੀ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਹੀ ਇੱਕ ਕਾਰਨ ਹੈ ਕਿ ਅਜਿਹੇ ਬਿੱਲ ਪਾਸ ਕਰਨ ਲਈ ਹੀ ਵਿਰੋਧੀ ਧਿਰ ਨੂੰ ਵਿਧਾਨ ਸਭਾ ਸਦਨ ਤੋਂ ਸਰਕਾਰ ਨੇ ਜਾਣ ਬੁੱਝ ਕੇ ਬਾਹਰ ਰੱਖਿਆ।
ਹਰਪਾਲ ਚੀਮਾ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਨੇ ਜਿੱਥੇ ਸਦਨ ਨੂੰ ਗੁੰਮਰਾਹ ਕੀਤਾ ਤਾਂ ਉੱਥੇ ਹੀ ਸੂਬੇ ਦੇ ਲੋਕਾਂ ਨੂੰ ਉਹ ਝੂਠ ਬੋਲ ਰਹੇ ਹਨ। ਹਾਲਾਂਕਿ ਲਿਖਤੀ ਰੂਪ ਦੇ ਵਿੱਚ ਇਸ ਬਿੱਲ ਵਿੱਚ ਕੋਈ ਵੀ ਸ਼ਰਤ ਨਾ ਮੰਨਣ ਦਾ ਜ਼ਿਕਰ ਨਹੀਂ ਕੀਤਾ ਗਿਆ ਜੋ ਕਿ ਮੰਤਰੀ ਮੰਡਲ ਦੀ ਬੈਠਕ ਵਿੱਚ ਇਹ ਵਿਧਾਇਕ ਤੇ ਕੈਬਿਨੇਟ ਮੰਤਰੀ ਗੱਲ ਆਖ ਰਹੇ ਸਨ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਕੇਂਦਰ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਸਰਕਾਰ ਨੇ ਮੰਨ ਲਈਆਂ ਹਨ।
ਹਰਪਾਲ ਚੀਮਾ ਨੇ ਕੁਲਬੀਰ ਸਿੰਘ ਜ਼ੀਰਾ ਤੇ ਕਾਂਗਰਸੀ ਵਿਧਾਇਕ ਨਿਰਮਲ ਸ਼ੁਤਰਾਣਾ ਦੇ ਪੌਜ਼ੀਟਿਵ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਹੁਣ ਆਪਣੇ ਜੱਦੀ ਸ਼ਹਿਰ ਰਜਿੰਦਰਾ ਹਸਪਤਾਲ ਵਿੱਚ ਕਿਉਂ ਨਹੀਂ ਇਕਾਂਤਵਾਸ ਹੋ ਰਹੇ ਹਨ। ਇਸ ਤੋਂ ਇਲਾਵਾ ਕਿਹੜੀਆਂ ਹਦਾਇਤਾਂ ਮੁਤਾਬਕ ਇਨ੍ਹਾਂ ਕੋਰੋਨਾ ਪੌਜ਼ੀਟਿਵ ਵਿਧਾਇਕਾਂ ਨੂੰ ਸਦਨ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਗਈ। ਜਦੋਂਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਉੱਪਰ ਕੰਡੀਸ਼ਨਾਂ ਲਗਾ ਕੇ ਉਨ੍ਹਾਂ ਨੂੰ ਸਦਨ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ।
ਚੀਮਾ ਮੁਤਾਬਕ ਕੈਪਟਨ ਸਰਕਾਰ ਨੇ ਹੁਣ ਤੱਕ ਸਵਾ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਲਿਆ ਹੋਇਆ ਹੈ ਪਰ ਜੇ ਗੱਲ ਸੂਬੇ ਦੇ ਵਿਕਾਸ ਦੀ ਕੀਤੀ ਜਾਵੇ ਤਾਂ ਕੋਈ ਵੀ ਤਰੱਕੀ ਨਹੀਂ ਹੋਈ ਹੈ।