ਚੰਡੀਗੜ੍ਹ: ਨਾਗਰਿਕਾਂ ਨੂੰ ਵੋਟਰਾਂ ਵਜੋਂ ਰਜਿਸਟਰ ਕਰਨ ਅਤੇ ਵੋਟਰ ਸੂਚੀ ਦੇ ਵੇਰਵਿਆਂ ਦੀ ਤਸਦੀਕ ਕਰਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਯਕੀਨੀ ਬਣਾਉਣ ਲਈ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਈ.ਆਰ.ਓਜ਼, ਏ.ਈ.ਆਰ.ਓਜ਼ ਅਤੇ ਚੋਣ ਤਹਿਸੀਲਦਾਰਾਂ ਸਮੇਤ ਸਾਰੇ ਫੀਲਡ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ ਗਈ।
ਵੋਟਰ ਸੂਚੀ ਵਿੱਚ ਸੁਧਾਈ ਲਈ ਯੋਗਤਾ ਮਿਤੀ 1 ਜਨਵਰੀ 2021 ਹੈ ਭਾਵ ਜਿਨ੍ਹਾਂ ਦੀ ਉਮਰ ਮਿਤੀ 01.01.2021 ਨੂੰ ਜਾਂ ਇਸ ਤੋਂ ਪਹਿਲਾਂ 18 ਸਾਲ ਦੀ ਪੂਰੀ ਹੋ ਚੁੱਕੀ ਹੈ ਜਾਂ ਪੂਰੀ ਹੋਣ ਵਾਲੀ ਹੈ, ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਯੋਗ ਹੋਣਗੇ। ਵੋਟਰ ਸੂਚੀ ਵਿੱਚ ਸੁਧਾਈ ਦੀ ਪ੍ਰਕਿਰਿਆ ਵੋਟਰ ਸੂਚੀ ਦੇ ਪ੍ਰਕਾਸ਼ਨ ਨਾਲ ਸ਼ੁਰੂ ਹੁੰਦੀ ਹੈ।
ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਕਿਹਾ ਕਿ ਕੋਵਿਡ -19 ਕਰਕੇ ਕਈ ਚੁਣੌਤੀਆਂ ਦਰਪੇਸ਼ ਆਈਆਂ ਹਨ। ਜ਼ਮੀਨੀ ਪੱਧਰ `ਤੇ ਤਨਦੇਹੀ ਅਤੇ ਸਮਰਪਣ ਨਾਲ ਕੰਮ ਕਰ ਰਹੀ ਸਾਡੀਆਂ ਟੀਮਾਂ ਨਵੀਨਤਮ ਤਕਨਾਲੋਜੀ ਦੀ ਵਰਤੋਂ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਣਗੀਆਂ।
ਵਧੀਕ ਮੁੱਖ ਚੋਣ ਅਧਿਕਾਰੀ ਮਾਧਵੀ ਕਟਾਰੀਆ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਸ਼ਡਿਊਲ `ਤੇ ਚਾਨਣਾ ਪਾਉਂਦਿਆਂ ਸਾਰੇ ਕਰਮਚਾਰੀਆਂ ਨੂੰ ਨਿਰਧਾਰਤ ਸਮਾਂ-ਸੀਮਾ ਮੁਤਾਬਕ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ।
ਫੀਲਡ ਅਧਿਕਾਰੀਆਂ ਨੂੰ 31.08.2020 ਤੱਕ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਨੂੰ 10.09.2020 ਤੱਕ ਨਿਪਟਾਉਣ ਅਤੇ ਪ੍ਰਤੀ ਪੋਲਿੰਗ ਸਟੇਸ਼ਨ `ਤੇ ਵੋਟਰਾਂ ਦੀ ਗਿਣਤੀ 1500 ਤੋਂ ਘਟਾ ਕਰੇ 1000 ਕਰਨ ਦੀ ਪ੍ਰਕਿਰਿਆ, 15.12.2020 ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ।
ਯੋਗ ਨਾਗਰਿਕ ਆਪਣੀ ਰਜਿਸਟ੍ਰੇਸ਼ਨ www.nvsp.in `ਤੇ ਕਰ ਸਕਦੇ ਹਨ ਜਾਂ ਵੋਟਰ ਹੈਲਪਲਾਈਨ ਐਪ ਜ਼ਰੀਏ ਅਪਲਾਈ ਕਰ ਸਕਦੇ ਹਨ। ਅੰਤਮ ਵੋਟਰ ਸੂਚੀ 15.01.2021 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।