ਚੰਡੀਗੜ੍ਹ: ਕਾਂਗਰਸ ਪਾਰਟੀ ਪਿਛਲੇ ਕਈ ਮਹੀਨਿਆਂ ਵਿੱਚ ਚਰਚਾ ਵਿੱਚ ਹੈ। ਇਸ ਵਿੱਚ ਵੱਡਾ ਘੜਮੱਸ ਮਚਿਆ ਹੋਇਆ ਹੈ। ਪਹਿਲਾਂ ਮੁੱਖ ਮੰਤਰੀ ਵਿਰੁੱਧ ਬਗ਼ਾਵਤ ਹੋਈ ਤੇ ਨਵਾਂ ਮੁੱਖ ਮੰਤਰੀ ਚੁਣਨ ਵੇਲੇ ਇੱਕੋ ਦਿਨ ਪੰਜ ਨਾਵਾਂ ਦੀ ਚਰਚਾ ਛਿੜੀ ਤੇ ਇੱਕ ਸਖ਼ਸ਼ੀਅਤ ਨੂੰ ਤਾਂ ਸਹੁੰ ਚੁੱਕਣ ਜਾਂਦੇ ਵੇਲੇ ਰਸਤੇ ਵਿੱਚੋਂ ਹੀ ਪਰਤਨਾ ਪਿਆ। ਉਪ ਮੁੱਖ ਮੰਤਰੀਆਂ ਦੀ ਚੋਣ ਪਿੱਛੇ ਵੀ ਕਈ ਨਾਂ ਚੱਲੇ ਤੇ ਜਦੋਂ ਕੈਬਨਿਟ ਬਣਾਉਣ ਦੀ ਗੱਲ ਤੁਰੀ ਤਾਂ ਮੁੱਖ ਮੰਤਰੀ ਨੂੰ 72 ਘੰਟਿਆਂ ਵਿੱਚ ਤਿੰਨ ਵਾਰ ਦਿੱਲੀ ਤਲਬ ਕੀਤਾ ਗਿਆ।
ਕਾਂਗਰਸ ਵਿੱਚ ਹੋਈ ਬਗ਼ਾਵਤ
ਹੁਣ ਜਦੋਂ ਪੰਜਾਬ ਕੈਬਨਿਟ (Punjab Cabinet) ਦੇ ਨਾਂ ਤੈਅ ਹੋਏ ਹਨ ਤਾਂ ਇੱਕ ਨਾਂ ‘ਤੇ ਖੁੱਲ੍ਹੀ ਬਗ਼ਾਵਤ ਹੋ ਗਈ ਹੈ। ਹਾਲਾਂਕਿ ਨਾਂ ਸੰਭਾਵਿਤ ਹੀ ਕਹੇ ਜਾ ਸਕਦੇ ਹਨ, ਕਿਉਂਕਿ ਕਾਂਗਰਸ ਪਾਰਟੀ ਵਿੱਚ ਆਖਰੀ ਪਲਾਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਕਿ ਕੀ ਹੋਵੇਗਾ ਪਰ ਜਿਹੜੇ ਨਾਂ ਸੂਤਰਾਂ ਰਾਹੀਂ ਬਾਹਰ ਆਏ ਹਨ, ਉਨ੍ਹਾਂ ਵਿੱਚੋਂ ਰਾਣਾ ਗੁਰਜੀਤ ਸਿੰਘ ਦਾ ਨਾਂ ਇੱਕ ਹੈ। ਉਹ ਪਹਿਲਾਂ ਵੀ ਕੈਪਟਨ ਦੀ ਵਜਾਰਤ ਵਿੱਚ ਮੰਤਰੀ ਰਹਿ ਚੁੱਕੇ ਹਨ ਪਰ ਮਾਈਨਿੰਗ ਦੇ ਦੋਸ਼ ਲੱਗਣ ਕਾਰਨ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਹੱਥ ਧੋਣੇ ਪਏ ਸੀ।
ਰਾਣਾ ਗੁਰਜੀਤ ਸਿੰਘ ਵੀ ਸੰਭਾਵਤ ਮੰਤਰੀਆਂ ਵਿੱਚ ਸ਼ਾਮਲ
ਰਾਣਾ ਗੁਰਜੀਤ ਸਿੰਘ (Rana Gurjit Singh) ਦਾ ਨਾਂ ਹੁਣ ਚਾਰ ਮਹੀਨੇ ਦੀ ਬਣਨ ਜਾ ਰਹੀ ਨਵੀਂ ਵਜਾਰਤ ਵਿੱਚ ਲਿਆ ਜਾ ਰਿਹਾ ਹੈ ਪਰ ਸਾਬਕਾ ਸੂਬਾ ਪ੍ਰਧਾਨ ਮੋਹਿੰਦਰ ਸਿੰਘ ਕੇਪੀ (Mohinder Singh KP) , ਵਿਧਾਇਕ ਨਵਤੇਜ ਸਿੰਘ ਚੀਮਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਡਾ ਰਾਜ ਕੁਮਾਰ, ਵਿਧਾਇਕ ਡਾ ਪਵਨ ਅਦਿੱਤਿਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira), ਜਿਨ੍ਹਾਂ ਨੇ ਹਾਲ ਵਿੱਚ ਕਾਂਗਰਸ ਦਾ ਪੱਲਾ ਫੜਿਆ ਹੈ, ਨੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪੱਤਰ ਲਿਖ ਕੇ ਕਿਹਾ ਜਿਸ ਵਿਚ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਵਿੱਚ ਸ਼ਾਮਲ ਨਾ ਕੀਤਾ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਹੈ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਇਸ ਤੇ ਪਾਰਟੀ ਤੇ ਵੀ ਅਸਰ ਪਵੇਗਾ।
ਭ੍ਰਿਸ਼ਟਾਚਾਰ ਦੇ ਲਗਾ ਦੋਸ਼
ਉਨ੍ਹਾਂ ਪੱਤਰ ਵਿੱਚ ਦਸ਼ ਲਗਾਏ ਗਏ ਹਨ ਕਿ ਰਾਣਾ ਗੁਰਜੀਤ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ ਉਨ੍ਹਾਂ ਨੂੰ ਦੋਆਬਾ ਦਾ ਕਥਿਤ ਦਾਗ਼ੀ ਆਗੂ ਕਿਹਾ ਜਾਂਦਾ ਹੈ। ਦੱਸ ਦੇਈਏ ਕੈਬਨਿਟ ਵਿਸਥਾਰ ਵਿਚ ਰਾਣਾ ਗੁਰਜੀਤ ਦਾ ਵੀ ਨਾਮ ਹੈ ਜੋ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਕੈਬਨਿਟ ਵਿਚ ਸ਼ਾਮਿਲ ਸੀ ਪਰ ਜਦ ਉਨ੍ਹਾਂ ਉੱਤੇ ਮਾਈਨਿੰਗ ਦੇ ਆਰੋਪ ਲੱਗੇ ਤੇ ਉਨ੍ਹਾਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਗਿਆ।
ਬਿਜਲੀ ਕੰਪਨੀ ਕਾਰਨ ਛੱਡਣੀ ਪਈ ਸੀ ਵਜਾਰਤ
ਇਥੇ ਜਿਕਰਯੋਗ ਹੈ ਕਿ ਉਂਜ ਵੀ ਰਾਣਾ ਗੁਰਜੀਤ ਸਿੰਘ ਕੈਪਟਨ ਧੜੇ ਦੇ ਮੰਨੇ ਜਾਂਦੇ ਹਨ ਤੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਵੇਲੇ 2017 ਵਿੱਚ ਬਿਜਲੀ ਮੰਤਰੀ ਬਣੇ ਸੀ ਪਰ ਉਨ੍ਹਾਂ ਦਾ ਵਿਰੋਧ ਹੋ ਗਿਆ ਸੀ ਤੇ ਹਾਈਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਖ਼ਲ ਕੀਤੀ ਗਈ ਸੀ ਕਿ ਰਾਣਾ ਗੁਰਜੀਤ ਸਿੰਘ ਦੀ ਪਤਨੀ ਦੀ ਬਿਜਲੀ ਕੰਪਨੀ ਵਿੱਚ ਹਿੱਸੇਦਾਰੀ ਹੈ ਤੇ ਜੇਕਰ ਉਨ੍ਹਾਂ ਕੋਲ ਬਿਜਲੀ ਮਹਿਕਮਾ ਰਹਿੰਦਾ ਹੈ ਤਾਂ ਇਹ ਹਿੱਤਾਂ ਦਾ ਟਕਰਾਅ ਹੋਵੇਗਾ। ਇਸ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ‘ਤੇ ਮਾਈਨਿੰਗ ਦਾ ਦੋਸ਼ ਵੀ ਲੱਗਿਆ ਹੋਇਆ ਸੀ, ਲਿਹਾਜਾ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪੈ ਗਿਆ ਸੀ।
ਇਹ ਵੀ ਪੜ੍ਹੋ:ਅੱਜ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਥਾਰ, ਜਾਣੋ ਕੌਣ-ਕੋਣ ਹੋਵੇਗਾ ਚੰਨੀ ਦੀ ਟੀਮ 'ਚ ਸ਼ਾਮਿਲ?