ਚੰਡੀਗੜ੍ਹ: ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸ਼ਰਾਬ ਕਾਂਡ ਤੋਂ ਬਾਅਦ ਸਪੱਸ਼ਟ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ। ਬਾਜਵਾ ਨੇ ਕਿਹਾ ਕਿ ਜੋ ਵੀ ਕੋਈ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਮੋਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਕੋਰੋਨਾ ਕਾਰਨ ਪੁਲਿਸ ਵਾਲਿਆਂ ਦਾ ਧਿਆਨ ਨਸ਼ਾ ਤਸਕਰੀ ਮਾਮਲੇ ਤੋਂ ਹੱਟ ਗਿਆ ਸੀ, ਜਿਸ ਕਾਰਨ ਨਸ਼ਿਆਂ ਦੀ ਤਸਕਰੀ ਵੱਧ ਗਈ ਅਤੇ ਜ਼ਹਿਰੀਲੀ ਸ਼ਰਾਬ 'ਤੇ ਵੀ ਰੋਕ ਨਹੀਂ ਲਗਾਈ ਜਾ ਸਕੀ। ਇਸੇ ਕਾਰਨ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਵੱਧ ਗਿਆ ਅਤੇ ਇਹ ਭਾਣਾ ਵਾਪਰ ਗਿਆ, ਜਿਸ ਦਾ ਸਭ ਨੂੰ ਅਫ਼ਸੋਸ ਹੋਣਾ ਚਾਹੀਦਾ ਹੈ।
ਕਾਂਗਰਸੀ ਆਗੂ ਅਸ਼ਵਨੀ ਸੇਖੜੀ ਅਤੇ ਹੋਰਨਾਂ ਕਾਂਗਰਸੀਆਂ ਵੱਲੋਂ ਸਰਕਾਰ 'ਤੇ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਮੰਤਰੀ ਬਾਜਵਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੋਸ਼ ਪਾਰਟੀ ਅੰਦਰ ਰਹਿ ਕੇ ਹੀ ਲਗਾਉਣੇ ਚਾਹੀਦੇ ਹਨ ਪਰ ਫਿਰ ਵੀ ਉਹ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣਗੇ।
ਬਾਜਵਾ ਨੇ ਕਿਹਾ ਕਿ ਜਿੱਥੋਂ ਤੱਕ ਨਸ਼ਾ ਤਸਕਰਾਂ ਦੀਆਂ ਫੋਟੋਆਂ ਲੀਡਰਾਂ ਨਾਲ ਖਿਚਵਾਏ ਜਾਣ ਦਾ ਸਬੰਧ ਹੈ ਇਹ ਸਿਲਸਿਲਾ ਆਮ ਹੀ ਹੈ। ਜਿਹੜੀ ਔਰਤ ਸ਼ਰਾਬ ਤਸਕਰੀ ਮਾਮਲੇ 'ਚ ਫੜੀ ਗਈ ਹੈ ਉਸ ਦੀਆਂ ਫੋਟੋਆਂ ਅਕਾਲੀ ਆਗੂਆਂ ਨਾਲ ਵੀ ਹੈ ਅਤੇ ਕਈਆਂ ਦੀਆਂ ਹੋਰਨਾਂ ਪਾਰਟੀਆਂ ਦੇ ਆਗੂਆਂ ਨਾਲ ਹੋਣਗੀਆਂ। ਬਾਜਵਾ ਨੇ ਕਿਹਾ ਕਿ ਉਸ ਦੇ ਵਿਧਾਨ ਸਭਾ ਹਲਕੇ ਵਿੱਚ ਸ਼ਰਾਬ ਤਸਕਰੀ ਮਾਮਲੇ ਵਿੱਚ ਉਸ ਦਾ ਕੋਈ ਵੀ ਹੱਥ ਨਹੀਂ ਜੇਕਰ ਸਾਬਤ ਹੋ ਗਿਆ ਤਾਂ ਉਹ ਅਸਤੀਫਾ ਦੇ ਦੇਣਗੇ।