ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਗਰੁੱਪ ਵੱਲੋਂ ਸ਼ੁੱਕਰਵਾਰ ਨੂੰ ਕਿਸਾਨ ਭਵਨ 'ਚ ਮਹੀਨੇਵਾਰ ਮੀਟਿੰਗ ਕੀਤੀ। ਇਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੀਤੀ।
ਇਸ ਸੰਬਧੀ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਆਪਣੀ ਨਵੀਂ ਪਾਲਿਸੀ ਦੇ ਤਹਿਤ ਕਿਸਾਨਾਂ ਤੋਂ ਉਨ੍ਹਾਂ ਦੀ ਜ਼ਮੀਨ ਲੈ ਕੇ ਕਾਰਪੋਰੇਟ ਘਰਾਣਿਆਂ ਨੂੰ ਖੇਤੀਬਾੜੀ ਕਰਨ ਦੇ ਲਈ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਰਕੀਟਿੰਗ ਐਕਟ ਵਿੱਚ ਸੋਧ ਵੀ ਕੀਤੀ ਗਈ ਹੈ, ਜਿਸ ਤਹਿਤ ਕੋਈ ਵੀ ਆਪਣਾ ਪ੍ਰਾਈਵੇਟ ਯਾਰਡ ਬਣਾਉਣ ਦੇ ਲਈ 10 ਏਕੜ ਜ਼ਮੀਨ ਖ਼ਰੀਦ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਭੇਜੀ ਗਈ ਹੈ, ਜਿਸ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ 500 ਏਕੜ ਅਤੇ 1000 ਏਕੜ ਜ਼ਮੀਨ ਦੇ ਕਲੱਸਟਰ ਮੰਗੇ ਹਨ। ਜਿਥੇ ਤਿੰਨ ਕਾਰਪੋਰੇਟ ਕੰਪਨੀਆਂ ਕੰਮ ਕਰਨਗੀਆਂ। ਇੱਕ ਕੰਪਨੀ ਪ੍ਰੋਡਕਸ਼ਨ ਦਾ, ਦੂਜੀ ਵੇਅਰ ਹਾਊਸਿੰਗ ਦਾ ਅਤੇ ਤੀਜੀ ਮਾਰਕੀਟਿੰਗ ਦਾ ਕੰਮ ਕਰੇਗੀ। ਇਸ ਤਰ੍ਹਾਂ ਉਹ ਸਾਰੀ ਖੇਤੀ ਕਾਰਪੋਰੇਟ ਸੈਕਟਰ ਦੇ ਹਵਾਲੇ ਕਰਨ ਜਾ ਰਹੇ ਹਨ।
ਬਲਬੀਰ ਸਿੰਘ ਨੇ ਦੱਸਿਆ ਕਿ ਹਰਿਆਣਾ 'ਚ ਵੀ ਅਡਾਨੀ ਗਰੁੱਪ ਦੇ ਥਾਂ-ਥਾਂ ਤੇ ਪ੍ਰਾਈਵੇਟ ਯਾਰਡ ਬਣ ਰਹੇ ਹਨ। ਇਨ੍ਹਾਂ ਪ੍ਰਾਈਵੇਟ ਯਾਰਡਾਂ ਨਾਲ ਸਰਕਾਰ ਕਿਸਾਨਾਂ ਨੂੰ ਵਿਹਲਾ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਜੋ ਕੁੱਝ ਬਜਟ ਵਿੱਚ ਕਿਹਾ ਹੈ, ਉਹ ਸਭ ਡਰਾਮਾ ਹੈ।
ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ ਚੋਣਾਂ: ਬੀਜੇਪੀ ਦੀ ਡੋਰ ਟੂ ਡੋਰ ਮੁਹਿੰਮ ਅੱਜ ਤੋਂ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਮੋਦੀ ਦੇ ਆਉਣ ਤੋਂ ਪਹਿਲਾ ਭਾਰਤ ਦਾ ਗਰੋਥ ਰੇਟ 5.8 ਪ੍ਰਤੀਸ਼ਤ ਸੀ ਤੇ ਹੁਣ ਉਹ 1.8 ਪ੍ਰਤੀਸ਼ਤ ਰਹਿ ਗਿਆ ਹੈ। ਇਸ ਦਾ ਮਤਲਬ ਹੈ ਕਿ ਖੇਤੀ ਦਾ ਸਤਰ ਨੀਵਾਂ ਹੋ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਕਾਰਪੋਰੇਟ ਯਾਰਡਾਂ ਨਾਲ ਸਰਕਾਰ ਨੇ ਕਿਸਾਨਾਂ ਨੂੰ ਵੇਹਲੇ ਕਰ ਦੇਣਾ ਹੈ, ਜਿਸ ਨੂੰ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਵੱਲੋਂ ਚੰਡੀਗੜ੍ਹ 'ਚ 24 ਫਰਵਰੀ ਨੂੰ ਭਾਰੀ ਗਿਣਤੀ 'ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੁਜ਼ਾਹਰੇ 'ਚ ਆੜ੍ਹਤੀਏ ਕਿਸਾਨ, ਮਜ਼ਦੂਰ ਆਦਿ ਸਭ ਸ਼ਾਮਲ ਹੋਣਗੇ।