ਚੰਡੀਗੜ੍ਹ: ਨੈਸ਼ਨਲ ਬੁੱਕ ਟਰੱਸਟ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ 1 ਫਰਵਰੀ ਤੋਂ ਪੁਸਤਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਰੋਜ਼ਾਨਾ ਇੱਕ ਪ੍ਰੋਗਰਾਮ ਆਪਣੇ ਲੇਖਕ ਨਾਲ ਮੁਲਾਕਾਤ 'ਮੀਟ ਵਿਦ ਆਥਰ' ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਵੱਡੇ-ਵੱਡੇ ਲੇਖਕ ਆਉਂਦੇ ਹਨ ਅਤੇ ਆਪਣੇ ਪਾਠਕਾਂ ਦੇ ਰੂਬਰੂ ਹੁੰਦੇ ਹਨ।
ਇਸੇ ਲੜੀ ਦੇ ਤਹਿਤ ਪਦਮ ਸ਼੍ਰੀ ਸੁਰਜੀਤ ਪਾਤਰ ਵੀ ਪਾਠਕਾਂ ਦੇ ਵਿਚਕਾਰ ਪਹੁੰਚੇ ਜਿੱਥੇ ਉਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਮੀਡੀਆ ਨਾਲ ਰੂਬਰੂ ਹੁੰਦਿਆਂ ਸੁਰਜੀਤ ਪਾਤਰ ਨੇ ਕਿਹਾ ਕਿ ਇਹ ਬਹੁਤ ਚੰਗਾ ਪਲੇਟਫਾਰਮ ਹੈ, ਕਿਉਂਕਿ ਪੰਜਾਬ ਅਜਿਹੀ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ। ਉੱਥੇ ਮੇਲਾ ਲੱਗਣਾ ਬੜੇ ਭਾਗ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਪਾਠਕਾਂ ਦੇ ਰੂਬਰੂ ਹੋਣਾ ਵੀ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਜਿਨ੍ਹਾਂ ਲੇਖਕਾਂ ਨੂੰ ਪਾਠਕ ਪੜ੍ਹਦੇ ਹਨ ਉਹ ਅਸਲ ਜ਼ਿੰਦਗੀ ਵਿੱਚ ਕਿਵੇਂ ਹਨ ਅਤੇ ਕੀ ਵਿਚਾਰ ਰੱਖਦੇ ਹਨ ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ। ਲੇਖਕਾਂ ਨੂੰ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਪਾਠਕ ਪੜ੍ਹ ਰਹੇ ਹਨ।
ਉਨ੍ਹਾਂ ਕਿਹਾ ਅਜੋਕੇ ਜ਼ਮਾਨੇ ਦੇ ਵਿੱਚ ਜਿੱਥੇ ਕਿਤਾਬਾਂ ਨੂੰ ਪੜ੍ਹਨ ਦਾ ਕ੍ਰੇਜ਼ ਘੱਟਦਾ ਜਾ ਰਿਹਾ ਹੈ ਉੱਥੇ ਹੀ ਅਜਿਹੇ ਪੁਸਤਕ ਮੇਲੇ ਪਾਠਕਾਂ ਦੇ ਵਿੱਚ ਉਤਸ਼ਾਹ ਵਧਾਉਂਦੇ ਹਨ।