ਚੰਡੀਗੜ: ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਦੀ ਮੰਡੀ ਵਿੱਚ ਐਮਐਸਪੀ 'ਤੇ ਵੇਚ ਕੇ ਪੰਜਾਬ ਸਰਕਾਰ ਨਾਲ ਧੋਖਾਧੜੀ ਕਰਨ ਵਾਲੇ ਰੋਹਿਤ ਜੈਨ ਉਰਫ਼ ਲਾਡਾ ਅਤੇ ਹੋਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਆਸ਼ੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖੰਨਾ ਜੀ.ਟੀ.ਡੀ. ਰੋਡ ‘ਤੇ ਸਥਿਤ ਵਾਟਸਨ ਇੰਜੀਨੀਰਿੰਗ ਵਰਕਸ ਨਾਂਅ ਦੇ ਗੁਦਾਮ ਵਿੱਚ ਦੂਜੇ ਰਾਜਾਂ ਤੋਂ ਲਿਆ ਕੇ ਝੋਨਾ ਸਟੋਰ ਕੀਤਾ ਗਿਆ ਹੈ ਜੋ ਸੂਬੇ ਦੀਆਂ ਮੰਡੀਆਂ ਵਿੱਚ ਐਮਐਸਪੀ ‘ਤੇ ਵੇਚ ਕੇ ਪੰਜਾਬ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਟੀਮ ਗਠਿਤ ਕੀਤੀ ਤੇ ਗੁਦਾਮ ਵਿੱਚ ਛਾਪਾ ਮਾਰ ਕੇ 40 ਕਿਲੋ ਭਰਤੀ ਦੇ 3399 ਝੋਨੇ ਦੇ ਥੈਲੇ ਬਰਾਮਦ ਕੀਤੇ ਅਤੇ ਜਿਨ੍ਹਾਂ ਬੋਰੀਆਂ ਵਿੱਚ ਇਹ ਝੋਨਾ ਰੱਖਿਆ ਗਿਆ ਸੀ ਉਨ੍ਹਾਂ ‘ਤੇ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਮਾਰਕਾ ਲੱਗਾ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਇਸ ਗੁਦਾਮ ਤੋਂ ਕੁਝ ਹੋਰ ਦਸਤਾਵੇਜ਼ ਵੀ ਮਿਲੇ ਹਨ ਜਿਨ੍ਹਾਂ ਵਿੱਚ ਝੋਨਾ ਦੂਜੇ ਗੁਦਾਮਾਂ ਨੂੰ ਭੇਜਣ ਅਤੇ ਪੈਸੇ ਦੇ ਲੈਣ-ਦੇਣ ਸਬੰਧੀ ਜਾਣਕਾਰੀ ਦਰਜ ਕੀਤੀ। ਆਸ਼ੂ ਨੇ ਦੱਸਿਆ ਕਿ ਚਾਲੂ ਸੀਜ਼ਨ ਦੌਰਾਨ ਹੁਣ ਤੱਕ ਦੂਜੇ ਰਾਜਾਂ ਝੋਨਾ ਲਿਆ ਕੇ ਪੰਜਾਬ ਵੇਚਣ ਦੇ ਮਾਮਲੇ ਵਿੱਚ 96 ਵਪਾਰੀਆਂ ਅਤੇ ਡਰਾਈਵਰਾਂ ਵਿਰੁੱਧ ਵੀ ਕੇਸ ਦਰਜ ਕਰਵਾਏ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਬੋਗਸ ਬਿਲਿੰਗ ਰਾਹੀਂ ਪੰਜਾਬ ਸਰਕਾਰ ਨੂੰ ਚੂਨਾ ਲਾਉਣ ਦੀ ਕਾਰਵਾਈ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।