ਚੰਡੀਗੜ੍ਹ: ਪੰਜਾਬ 'ਚ ਮਾਲ ਗੱਡੀਆਂ ਦੀ ਆਮਦ ਰੋਕਣ 'ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਪ੍ਰਤੀਕ੍ਰਿਰਿਆ ਦਿੱਤੀ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਗੱਡੀਆਂ ਦੀ ਆਮਦ ਰੋਕਣ 'ਤੇ ਸਰਹੱਦੀ ਸੂਬੇ ਦੇ ਅਰਥਚਾਰੇ ਵਿੱਚ ਖੜੋਤ ਆਉਣ ਅਤੇ ਅਰਥਚਾਰਾ ਤਬਾਹ ਹੋਣ ਦਾ ਖਦਸ਼ਾ ਹੈ ਅਤੇ ਆਮ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰਵੱਈਏ ਵਿਚੋਂ ਬੇਲੋੜੇ ਤੇ ਬਦਸ਼ਗਨੇ ਟਕਰਾਅ ਦੀ ਬਦਬੂ ਆ ਰਹੀ ਹੈ ਜੋ ਕਿਸੇ ਦੇ ਵੀ ਹਿੱਤ 'ਚ ਨਹੀਂ ਹੈ।
ਬਾਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਲਈ ਮਾਲ ਗੱਡੀਆਂ ਦੀਆਂ ਸੇਵਾਵਾਂ ਆਮ ਵਾਂਗ ਬਹਾਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ 'ਚ ਮਾਲ ਗੱਡੀਆਂ ਦੀ ਆਮਦ 'ਤੇ ਪਾਬੰਦੀ 'ਚ ਵਾਧਾ ਕਰਨ ਦੇ ਫ਼ੈਸਲੇ ਨਾਲ ਸੂਬੇ 'ਚ ਸਾਰਾ ਉਦਯੋਗ ਤੇ ਵਪਾਰ ਤਬਾਹ ਹੋ ਜਾਵੇਗਾ ਅਤੇ ਖੇਤੀਬਾੜੀ ਨੂੰ ਵੀ ਨੁਕਸਾਨ ਪੁੱਜੇਗਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਤੁਰੰਤ ਖਾਰਜ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਦੇਸ਼ ਭਗਤ ਅਤੇ ਸ਼ਾਂਤੀ ਪਸੰਦ ਲੋਕਾਂ ਨੂੰ ਲੋਕਤੰਤਰੀ ਹੱਕ ਮੰਗੇ ਜਾਣ ਦੀ ਸਜ਼ਾ ਨਾ ਦਿੱਤੀ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਹੜੀਆਂ ਰੇਲ ਪਟੜੀਆਂ 'ਤੇ ਰੇਲਾਂ ਚਲੱਣੀਆਂ ਹਨ, ਉਹ ਖੁੱਲ੍ਹੀਆਂ ਹਨ ਅਤੇ ਵਰਤੋਂ ਯੋਗ ਹਨ। ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਦੀਆਂ ਸੇਵਾਵਾਂ 'ਤੇ ਇਸ ਤਰੀਕੇ ਪਾਬੰਦੀ ਲਾਉਣ ਦਾ ਕੋਈ ਆਧਾਰ ਨਹੀਂ ਹੈ ਅਤੇ ਇਹ ਸੇਵਾਵਾਂ ਤੁਰੰਤ ਬਹਾਲ ਹੋਣੀਆਂ ਚਾਹੀਦੀਆਂ ਹਨ।
ਬਾਦਲ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੂੰ ਮਸਲੇ ਦੇ ਹੱਲ ਲਈ ਗੱਲਬਾਤ ਦਾ ਰਾਹ ਚੁਣਨਾ ਚਾਹੀਦਾ ਹੈ ਤੇ ਇਸ ਸਬੰਧ ਵਿੱਚ ਕਿਸਾਨਾਂ ਦੇ ਤੌਖਲੇ ਦੂਰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਲੋਕ ਮੰਗਾਂ ਅਤੇ ਸੰਘਰਸ਼ਾਂ ਨਾਲ ਸਿਰਫ ਗੱਲਬਾਤ ਰਾਹੀਂ ਹੀ ਨਿਪਟਿਆ ਜਾ ਸਕਦਾ ਹੈ। ਉਨਾਂ ਚੌਕਸ ਕੀਤਾ ਕਿ ਲੋਕਾਂ ਦੀਆਂ ਮੰਗਾਂ ਤੇ ਰੋਹ ਦਾ ਜਵਾਬ ਬਦਲਾਖੋਰੀ ਨਾਲ ਦੇਣ ਨਾਲ ਮਸਲਾ ਹੱਲ ਹੋਣ ਦੀ ਥਾਂ ਉਲਟਾ ਹੋਰ ਉਲਝ ਜਾਂਦਾ ਹੈ।