ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਅੰਦੋਲਨਕਾਰੀਆਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਹਿੰਸਕ ਕਾਰਵਾਈਆਂ 'ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਅੰਦੋਲਨਕਾਰੀ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਅਤੇ ਹੋਰ ਨੇਤਾ ਆਪਣੇ ਨਿੱਜੀ ਹਿੱਤਾਂ ਲਈ ਭੜਕਾਉ ਭਾਸ਼ਨ ਅਤੇ ਹਿੰਸਕ ਬਿਆਨ ਦੇ ਕੇ ਦੇਸ਼ ਦੀ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਖ਼ਰਾਬ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਉਹਨਾਂ ਕਿਹਾ ਕਿ ਇਸ ਕਿਸਾਨ ਅੰਦੋਲਨ ਨੂੰ ਵਿਰੋਧੀ ਧਿਰਾਂ ਨੇ ਆਪਣੇ ਹਿੱਤਾਂ ਲਈ ਬਹੁਤ ਜ਼ਿਆਦਾ ਭੜਕਾਇਆ ਸੀ। ਪਿਛਲੇ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਟਿਕਰੀ ਸਰਹੱਦ ਅਤੇ ਸਿੰਘੂ ਸਰਹੱਦ ਖਾਸ ਕਰਕੇ ਘਿਨਾਉਣੇ ਅਪਰਾਧਾਂ ਦਾ ਕੇਂਦਰ ਬਣ ਗਈ ਹੈ। ਜਿਥੇ ਕਿਸਾਨਾਂ ਦੀ ਮਨਮਾਨੀ ਕਾਨੂੰਨ ਵਿਵਸਥਾ ਲਈ ਚੁਣੌਤੀ ਬਣੀ ਹੋਈ ਹੈ, ਉਥੇ ਅੰਦੋਲਨ ਵਾਲੀ ਜਗ੍ਹਾ ਦੇ ਆਲੇ-ਦੁਆਲੇ ਦੇ ਰਹਿਣ ਵਾਲੇ ਲੋਕ ਵੀ ਇਸ ਤੋਂ ਬਹੁਤ ਪ੍ਰੇਸ਼ਾਨ ਹਨ।
ਅੱਗੇ ਉਹਨਾਂ ਕਿਹਾ ਕਿ ਅੰਦੋਲਨ ਵਾਲੀ ਥਾਂ 'ਤੇ ਸਮੂਹਿਕ ਬਲਾਤਕਾਰ ਤੋਂ ਲੈ ਕੇ ਜਿੰਦਾ ਸਾੜਨ, ਲੁੱਟਾ, ਚੋਰੀ, ਹੱਤਿਆਵਾਂ ਸਮੇਤ ਕਈ ਘਟਨਾਵਾਂ ਇਸ ਅੰਦੋਲਨ ਵਿੱਚ ਵਾਪਰੀਆਂ ਹਨ, ਜਿਸ ‘ਤੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਮੇਸ਼ਾਂ ਆਪਣਾ ਪੱਲਾ ਝਾੜਦੇ ਆਏ ਹਨ।
ਅੰਦੋਲਨ ਦੇ ਵਿਚਾਲੇ ਟਿਕਰੀ ਸਰਹੱਦ 'ਤੇ ਅਜਿਹੇ ਅਪਰਾਧ ਹੋਏ ਹਨ, ਜਿਨ੍ਹਾਂ ਦੀ ਕਲਪਨਾ ਨਾਲ ਵੀ ਰੂਹ ਕੰਬਦੀ ਹੈ। ਇਸ ਅੰਦੋਲਨ ਦੇ ਵਿਚਕਾਰ ਵਾਪਰ ਰਹੀਆਂ ਇਨ੍ਹਾਂ ਘਿਨਾਉਣੇ ਅਪਰਾਧਿਕ ਘਟਨਾਵਾਂ ਦੀ ਜ਼ਿੰਮੇਵਾਰੀ ਸਿੱਧੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਮੇਸ਼ਾਂ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਕਿਸਾਨ ਅੰਦੋਲਨ ਸ਼ਾਂਤਮਈ ਹੈ, ਜਦੋਂ ਕਿ ਇਸ ਦਾ ਅਸਲੀ ਹਿੰਸਕ ਚਿਹਰਾ ਦੇਸ਼ ਦੇ ਲੋਕਾਂ ਦੇ ਸਾਹਮਣੇ ਕਈ ਵਾਰ ਆ ਚੁੱਕਾ ਹੈ।
26 ਜਨਵਰੀ ਨੂੰ ਅੰਦੋਲਨਕਾਰੀ ਜ਼ਬਰਦਸਤੀ ਦਿੱਲੀ ਵਿੱਚ ਦਾਖ਼ਲ ਹੋਏ, ਜਿੱਥੇ ਉਨ੍ਹਾਂ ਨੇ ਲਾਲ ਕਿਲ੍ਹੇ 'ਤੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਦੇ ਹੋਏ ਪੁਲਿਸ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਨੂੰ ਦੇਸ਼ ਸਮੇਤ ਪੂਰੀ ਦੁਨੀਆ ਨੇ ਵੇਖਿਆ। 31 ਜਨਵਰੀ ਨੂੰ ਸਰਹੱਦ 'ਤੇ ਹਿੰਸਾ ਦੀ ਘਟਨਾ ਹੋਈ ਸੀ। ਰੋਜ਼ਾਨਾ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਸਥਾਨਕ ਵਸਨੀਕ ਸਰਹੱਦ ਨੂੰ ਖਾਲੀ ਕਰਵਾਉਣ ਲਈ ਪੁੱਜੇ ਸਨ।
ਇਸ ਤੋਂ ਇਲਾਵਾ, ਅੰਦੋਲਨਕਾਰੀ ਹੁਣ ਤੱਕ ਅੰਦੋਲਨ ਵਾਲੀ ਜਗ੍ਹਾ ਦੇ ਨਾਲ ਲੱਗਦੇ ਇਲਾਕਿਆਂ ਤੋਂ ਡੇਢ ਦਰਜਨ ਤੋਂ ਵੱਧ ਸਥਾਨਕ ਨਾਬਾਲਗ ਲੜਕੀਆਂ ਨੂੰ ਚੁੱਕ ਕੇ ਲੈ ਗਏ ਹਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਪੁਲਿਸ ਨੇ ਬਰਾਮਦ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਕੀਤਾ ਹੈ। 22 ਫਰਵਰੀ ਨੂੰ, ਅੰਦੋਲਨ ਵਿੱਚ ਆਏ ਪੰਜਾਬ ਦੇ ਤਿੰਨ ਨੌਜਵਾਨਾਂ ਨੇ ਪਿਸਤੌਲ ਦੇ ਜ਼ੋਰ ਤੇ ਪਹਿਲਾਂ ਬਹਾਦਰਗੜ੍ਹ ਦੇ ਸੌਲਧਾ ਪਿੰਡ ਦੇ ਕੋਲ ਇੱਕ ਪੈਟਰੋਲ ਪੰਪ ਤੋਂ 30 ਹਜ਼ਾਰ ਦੀ ਨਕਦੀ ਲੁੱਟੀ। ਅਗਲੇ ਦਿਨ ਉਹਨਾਂ ਨੇ ਸ਼ਹਿਰ ਦੇ ਅੰਦਰ ਇੱਕ ਗਹਿਣਿਆਂ ਦੀ ਦੁਕਾਨ ਤੇ ਲੁੱਟ ਦੀ ਕੋਸ਼ਿਸ਼ ਕੀਤੀ।
ਅੱਗੇ ਫਿਰ ਉਹਨਾਂ ਕਿਸਾਨ ਆਗੂਆਂ ਤੇ ਟਿੱਪਨੀ ਕਰਦੇ ਕਹਿੰਦੇ ਹਨ ਕਿ 26 ਮਾਰਚ ਨੂੰ ਪੰਜਾਬ ਦੇ ਕਿਸਾਨ ਹਾਕਮ ਸਿੰਘ ਦਾ ਅੰਦੋਲਨ ਵਾਲੀ ਥਾਂ 'ਤੇ ਹੀ ਕਤਲ ਕਰ ਦਿੱਤਾ ਗਿਆ। ਮਾਰਚ ਵਿੱਚ, ਸਿੰਘੂ ਸਰਹੱਦ ਨੇੜੇ ਲੰਗਰ ਦੌਰਾਨ ਹਵਾਈ ਫਾਇਰਿੰਗ ਦੀ ਘਟਨਾ ਵਾਪਰੀ ਸੀ। 3 ਅਪ੍ਰੈਲ ਨੂੰ ਪੰਜਾਬ ਦੇ ਅੰਦੋਲਨਕਾਰੀਆਂ ਵਲੋਂ ਗੁਰਪ੍ਰੀਤ ਸਿੰਘ ਦੀ ਡੰਡੀਆਂ ਨਾਲ ਕੁੱਟ-ਕੁੱਟ ਨੂੰ ਹੱਤਿਆ ਕਰ ਦਿੱਤੀ ਗਈ ਸੀ।
9 ਮਈ ਨੂੰ, ਬੰਗਾਲ ਦੀ ਇੱਕ ਲੜਕੀ ਨਾਲ ਕਿਸਾਨ ਸੋਸ਼ਲ ਆਰਮੀ ਦੇ ਚਾਰ ਨੇਤਾਵਾਂ ਵਲੋਂ ਬੜੀ ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ, ਜਿਸਦੀ ਮੌਤ ਹੋ ਗਈ, ਇਸ ਘਿਨਾਉਣੇ ਅਪਰਾਧ ਵਿੱਚ ਕਿਸਾਨ ਮੋਰਚੇ ਦੀਆਂ ਦੋ ਮਹਿਲਾ ਵਲੰਟੀਅਰ ਵੀ ਸ਼ਾਮਲ ਸਨ।
29 ਮਈ ਨੂੰ, ਪੰਜਾਬ ਦੀ ਇੱਕ ਮੁਟਿਆਰ ਨੇ ਅੰਦੋਲਨ ਵਾਲੀ ਥਾਂ 'ਤੇ ਆਪਣੇ ਨਾਲ ਦੁਰਵਿਵਹਾਰ ਹੋਣ ਦਾ ਦੋਸ਼ ਲਗਾਇਆ ਅਤੇ ਇੰਸਟਾਗ੍ਰਾਮ' ਤੇ ਆਪਬੀਤੀ ਵੀ ਸਾਂਝਾ ਕੀਤੀ। 16 ਜੂਨ ਨੂੰ, ਕਾਸਰ ਪਿੰਡ ਦੇ ਨੌਜਵਾਨ ਮੁਕੇਸ਼ ਮੁਦਗਿਲ ਨੂੰ ਅੰਦੋਲਨ ਵਾਲੀ ਥਾਂ 'ਤੇ ਹੀ ਤੇਲ ਪਾ ਕੇ ਜ਼ਿੰਦਾ ਸਾੜ ਦਿੱਤਾ ਗਿਆ।
ਹੁਣ ਤਰਨਤਾਰਨ ਦੇ ਵਸਨੀਕ ਦਲਿਤ ਨੌਜਵਾਨ ਲਖਬੀਰ ਸਿੰਘ ਦਾ ਉਸੇ ਅੰਦੋਲਨ ਵਾਲੀ ਥਾਂ ‘ਤੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਮੋਰਚੇ ਦੇ ਨੇਤਾਵਾਂ ਨੇ ਇਸ ਵਾਰ ਵੀ ਆਪਣਾ ਪੱਲਾ ਝਾੜਦੇ ਹੋਏ ਘਟਨਾ ਨਾਲ ਸਬੰਧਤ ਨਿਹੰਗਾਂ ਨਾਲ ਆਪਣੇ ਸੰਬੰਧ ਤੋੜ ਦਿੱਤੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ‘ਚ ਕਈ ਭਾਜਪਾ ਆਗੂਆਂ ਦੇ ਘਰਾਂ ਅੱਗੇ ਗੈਰਕਨੂੰਨੀ ਢੰਗ ਨਾਲ ਕਿਸਾਨ ਧਰਨੇ ਦੇ ਰਹੇ ਹਨ ਅਤੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦਾ ਸਮਰਥਨ ਕਰਦਾ ਹੈ। ਇਸ ਤੋਂ ਇਲਾਵਾ ਇਸ ਅੰਦੋਲਨ ਦੌਰਾਨ, ਪੰਜਾਬ ਵਿੱਚ ਕਥਿਤ ਕਿਸਾਨਾਂ ਵਲੋਂ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਕਈ ਭਾਜਪਾ ਨੇਤਾਵਾਂ ਉੱਤੇ ਕਾਤਲਾਨਾ ਹਮਲੇ, ਭਾਜਪਾ ਦੇ ਪ੍ਰੋਗਰਾਮਾਂ ਵਿੱਚ ਜਬਰਨ ਵੜ ਕੇ ਤੋੜ-ਭੰਨ, ਭਾਜਪਾ ਦਫਤਰਾਂ ਵਿੱਚ ਤੋੜ-ਫੋੜ ਅਤੇ ਅੱਗਜ਼ਨੀ ਆਦਿ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ।
ਇਸ ਸਭ ਦੇ ਦੌਰਾਨ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦਾ ਰਿਹਾ। ਸ਼ਰਮਾ ਨੇ ਕਿਹਾ ਕਿ ਜਲੰਧਰ-ਪਠਾਨਕੋਟ ਮੁੱਖ ਮਾਰਗ 'ਤੇ ਪੈਂਦੇ ਟੋਲ-ਪਲਾਜ਼ਾ 'ਤੇ ਕਥਿਤ ਕਿਸਾਨਾਂ ਅਤੇ ਅਰਾਜਕ ਤੱਤਾਂ ਵੱਲੋਂ ਮੇਰੇ ਉਪਰ ਘਾਤਕ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਸੰਸਦ ਮੈਂਬਰ ਬਿੱਟੂ ਨੇ ਮੀਡੀਆ ਦੇ ਸਾਹਮਣੇ ਲਈ ਸੀ, ਪਰ ਪੁਲਿਸ ਨੇ ਅਜੇ ਤੱਕ ਬਿੱਟੂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ 'ਤੇ ਪੁਲਿਸ ਦੇ ਸਾਹਮਣੇ ਜਿਥੇ ਜਾਨਲੇਵਾ ਹਮਲਾ ਕੀਤਾ ਗਿਆ, ਉਥੇ ਉਹਨਾਂ ਦੇ ਕੱਪੜੇ ਪਾੜ ਦਿੱਤੇ ਗਏ। ਇਸ ਤੋਂ ਇਲਾਵਾ ਕਈ ਹੋਰ ਭਾਜਪਾ ਨੇਤਾਵਾਂ ਦੇ ਵਾਹਨਾਂ ਨੂੰ ਜ਼ਬਰਦਸਤੀ ਰੋਕ ਕੇ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ।
ਬੀਜੇਪੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਦੇ ਖੇਤਾਂ ਵਿੱਚ ਜ਼ਬਰਦਸਤੀ ਦਾਖਲ ਹੋ ਲੈ ਉੱਥੇ ਲਗਾਏ ਝੋਨੇ ਦੀ ਫਸਲ ਉੱਤੇ ਟਰੈਕਟਰ ਚਲਾ ਕੇਬਰਬਾਦ ਕਰ ਦਿੱਤਾ ਗਿਆ। ਪਟਿਆਲਾ ਦੇ ਭਾਜਪਾ ਨੇਤਾ ਭੁਪੇਸ਼ ਅਗਰਵਾਲ 'ਤੇ ਕਥਿਤ ਤੌਰ' ਤੇ ਕਿਸਾਨਾਂ ਨੇ ਹਮਲਾ ਕੀਤਾ। ਜੇਕਰ ਪੁਲਿਸ ਕਾਰਵਾਈ ਕਰਦੀ ਹੈ ਤਾਂ ਇਹ ਕਥਿਤ ਕਿਸਾਨ ਧਰਨੇ-ਮੁਜ਼ਾਹਰੇ ਸ਼ੁਰੂ ਕਰ ਦਿੰਦੇ ਹਨ।
ਕਥਿਤ ਕਿਸਾਨਾਂ ਅਤੇ ਅਰਾਜਕ ਤੱਤਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਦੇ ਨਾਂ 'ਤੇ ਹਿੰਸਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਦੋਹਰਾ ਚਿਹਰਾ ਸਾਹਮਣੇ ਆ ਗਿਆ ਹੈ। ਇਹ ਲੋਕ ਕਾਨੂੰਨ ਨੂੰ ਮਜ਼ਾਕ ਬਣਾ ਰਹੇ ਹਨ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਤੋਂ ਸੰਕੋਚ ਨਹੀਂ ਕਰਦੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਂਗਰਸੀ ਨੇਤਾਵਾਂ ਕੋਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਤਾਂ ਸੰਬਲਦੀ ਨਹੀਂ, ਇਹ ਦੂਜੇ ਸੂਬਿਆਂ ਵਿੱਚ ਵਾਪਰ ਰਹੀਆਂ ਘਟਨਾਵਾਂ 'ਤੇ ਆਪਣੀ ਰਾਜਨੀਤੀ ਚਮਕਾਉਣ ਲਈ ਧਰਨੇ-ਪ੍ਰਦਰਸ਼ਨ ਕਦੇ ਫਿਰਦੇ ਹਨ।
ਰਾਹੁਲ, ਪ੍ਰਿਯੰਕਾ, ਭੁਪੇਸ਼ ਬਘੇਲ, ਚੰਨੀ, ਅਤੇ ਨਵਜੋਤ ਸਿੱਧੂ ਭਾਜਪਾ ਸ਼ਾਸਤ ਸੂਬੇ ਦੇ ਲਖੀਮਪੁਰ ਖੀਰੀ ਵਿੱਚ ਹੋਈ ਘਟਨਾ ਤੋਂ ਬਾਅਦ ਆਪਣੀ ਰਾਜਨੀਤੀ ਨੂੰ ਚਮਕਾਉਣ ਵਿੱਚ ਲੱਗੇ ਰਹੇ।
ਕੀ ਲਖੀਮਪੁਰ ਵਿੱਚ ਕਰੋੜਾਂ ਰੁਪਏ ਵੰਡਣ ਵਾਲੇ ਕਾਂਗਰਸੀਆਂ ਦਾ ਖਜ਼ਾਨਾ ਆਪਨੇ ਸੂਬੇ ਵਿੱਚ ਮਾਰੇ ਗਏ ਲੋਕਾਂ ਲਈ ਖਾਲੀ ਹੋ ਗਿਆ ਹੈ? ਅੰਦੋਲਨ ਵਾਲੀ ਥਾਂ 'ਤੇ ਦਲਿਤ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਹੈ, ਤਾਂ ਫਿਰ ਇਨ੍ਹਾਂ ਕਾਂਗਰਸੀਆਂ ਦੇ ਮੂੰਹ 'ਤੇ ਤਾਲੇ ਕਿਉਂ ਲੱਗੇ ਹਨ?