ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਅਵਾਰਾ ਪਸ਼ੂਆਂ ਨੂੰ ਬੁੱਚੜਖਾਨੇ ਵਿੱਚ ਭੇਜੇ ਜਾਣ ਵਾਲੇ ਮੱਤੇ 'ਤੇ ਸਦਨ 'ਚ ਰੱਜ ਕੇ ਬਹਿਸਬਾਜ਼ੀ ਹੋਈ ਹੈ। ਅਰੋੜਾ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੂਬੇ ਭਰ ਵਿੱਚ ਢਾਈ ਲੱਖ ਤੋਂ ਵੱਧ ਅਵਾਰਾ ਪਸ਼ੂ ਸੜਕਾਂ 'ਤੇ ਮੌਤ ਬਣ ਕੇ ਘੁੰਮ ਰਹੇ ਹਨ। ਇਸ ਤੋਂ ਇਲਾਵਾ ਅਵਾਰਾ ਪਸ਼ੂਆਂ ਕਾਰਨ ਤਕਰੀਬਨ ਡੇਢ ਸੌ ਮੌਤਾਂ ਹਰ ਸਾਲ ਹੁੰਦੀ ਹਨ ਤੇ 200 ਕਰੋੜ ਰੁਪਏ ਦੀ ਫਸਲਾਂ ਦਾ ਨੁਕਸਾਨ ਹੁੰਦਾ ਹੈ।
ਅਰੋੜਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੀ ਗਊ ਸੈੱਸ ਦਾ ਪੈਸਾ ਖਾਂਦੀ ਰਹੀ ਤੇ ਕਾਂਗਰਸ ਸਰਕਾਰ ਵੀ ਖਾ ਰਹੀ ਹੈ। ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਮਿਲਣ ਵਾਲੀ ਦੇਸੀ ਗਊ ਤੇ ਅਮਰੀਕਨ ਗਊ ਦਾ ਜ਼ਮੀਨ ਆਸਮਾਨ ਦਾ ਫਰਕ ਹੈ, ਭਾਵੇਂ ਸਰਕਾਰ ਇਸ ਦਾ ਡੀਐੱਨਏ ਟੈਸਟ ਕਰਵਾ ਲਵੇ।
ਅਮਨ ਅਰੋੜਾ ਨੇ ਕਿਹਾ ਕਿ ਸੜਕਾਂ ਤੇ ਹੁੰਦੀਆਂ ਮੌਤਾਂ ਤੇ ਕਿਸਾਨਾਂ ਦੀ ਫ਼ਸਲਾਂ ਦਾ ਹੁੰਦਾ ਅਮਰੀਕਨ ਢੱਠਿਆਂ ਦੇ ਕਾਰਨ ਨੁਕਸਾਨ ਨੂੰ ਖ਼ਤਮ ਕਰਨ ਲਈ ਅਮਰੀਕਨ ਢੱਠਿਆਂ ਨੂੰ ਬੁੱਚੜਖਾਨੇ ਵਿੱਚ ਭੇਜ ਦੇਣਾ ਚਾਹੀਦਾ ਜਦ ਕਿ ਬੀਜੇਪੀ ਤੇ ਆਰਐਸਐਸ ਦੇ ਬੰਦਿਆਂ ਦੇ ਕੇਰਲਾ ਵਿੱਚ ਖ਼ੁਦ ਦੇ ਬੁੱਚੜਖਾਨੇ ਹਨ।