ਚੰਡੀਗੜ੍ਹ: ਇੰਟਰਸਿਟੀ ਦੇ ਕਿਸਾਨ ਭਵਨ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਪ੍ਰੈਸ ਕਾਨਫ਼ਰੰਸ ਕੀਤੀ। ਇਸ ਪ੍ਰੈਸ ਕਾਨਫ਼ਰੰਸ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ ’ਤੇ ਕਿਸਾਨਾਂ ’ਤੇ ਪੱਥਰਬਾਜ਼ੀ ਦੀ ਘਟਨਾ ਹੋਈ ਹੈ ਉਸ ਪਿੱਛੇ ਭਾਜਪਾ ਅਤੇ ਆਰਐਸਐਸ ਦੀ ਸਾਜਿਸ਼ ਹੈ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਵਿੱਚ ਜਿਸ ਤਰੀਕੇ ਦੇ ਨਾਲ ਕਈ ਥਾਵਾਂ ਉੱਤੇ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ ਉਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਨੈੱਟ ਬੰਦ ਹੋਣ ਨਾਲ ਸਾਡੀ ਜਾਣਕਾਰੀ ਲੋਕਾਂ ਤੱਕ ਨਹੀਂ ਪਹੁੰਚ ਰਹੀ ਅਤੇ ਸਰਕਾਰਾਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ।
ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਰਹੇ ਲੋਕਾਂ ਅਤੇ ਖ਼ਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਅੰਦੋਲਨ ਸ਼ਾਂਤਮਈ ਰਹਿਣਾ ਚਾਹੀਦਾ ਹੈ ਕਿਉਂਕਿ ਜੇ ਹਿੰਸਾ ਹੋਈ ਤਾਂ ਜਿੱਤ ਸਾਡੀ ਨਹੀਂ ਬਲਕਿ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਅੰਦੋਲਨ ਦੌਰਾਨ ਕਿਸੇ ਨੂੰ ਉਕਸਾਉਂਦਾ ਵੀ ਹੈ ਤਾਂ ਵੀ ਅੰਦੋਲਨ ਵਿੱਚ ਹਿੰਸਾ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਭਾਵਨਾ ਅਨੁਸਾਰ ਤਿੰਨ ਖੇਤੀ ਕਾਨੂੰਨ ਸਰਕਾਰ ਜਲਦ ਤੋਂ ਜਲਦ ਵਾਪਸ ਲਵੇ।
ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਲੀਡਰ ਰਾਜੇਸ਼ ਟਿਕੈਤ ਨੇ ਅੰਦੋਲਨ ਵਿੱਚ ਜਾਨ ਪਾਈ ਹੈ ਉਸ ਦਾ ਅਸੀਂ ਸਨਮਾਨ ਕਰਾਂਗੇ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਅੰਦੋਲਨ ਕਰ ਰਹੇ ਹਾਂ ਸਰਕਾਰ ਦੇ ਖ਼ਿਲਾਫ਼ ਕਰ ਰਹੇ ਹਨ ਅਤੇ ਸਾਨੂੰ ਪਤਾ ਹੈ ਕਿ ਅੰਦੋਲਨਕਾਰੀਆਂ ਉੱਪਰ ਕੇਸ ਹੀ ਪਾਏ ਜਾਂਦੇ ਹਨ ਉਨ੍ਹਾਂ ਨੂੰ ਕੋਈ ਹਾਰ ਨਹੀਂ ਪਾਉਂਦਾ।
ਕਈ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਵੱਲੋਂ ਕਿਸਾਨਾਂ ਦੀਆਂ ਸਟੇਜਾਂ ਤੱਕ ਪਹੁੰਚਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪੁੱਛੇ ਸਵਾਲ ਉੱਤੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਬੜਾ ਸਪੱਸ਼ਟ ਹੈ ਕਿ ਅਸੀਂ ਕਿਸੇ ਨੂੰ ਵੀ ਸਟੇਜ ਉੱਤੇ ਨਹੀਂ ਬੁਲਾਉਂਦੇ ਉਹ ਸਾਡਾ ਆ ਕੇ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੁਬਾਰਾ ਅਜੇ ਤੱਕ ਕੋਈ ਬੈਠਕ ਦਾ ਸੱਦਾ ਨਹੀਂ ਦਿੱਤਾ ਗਿਆ ਅਤੇ ਜੇ ਦਿੱਤਾ ਜਾਵੇਗਾ ਅਸੀਂ ਜ਼ਰੂਰ ਜਾਵਾਂਗੇ ਅਸੀਂ ਪਹਿਲਾਂ ਵੀ ਕਦੇ ਗੱਲਬਾਤ ਤੋਂ ਪਿੱਛੇ ਨਹੀਂ ਹੱਟੇ।