ਚੰਡੀਗੜ੍ਹ: ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਵੱਲੋਂ ਪੰਜਾਬੀਆਂ ਤੇ ਹਰਿਆਣੇ ਦੇ ਜਾਟਾਂ ਲਈ ਦਿੱਤੇ ਵਿਵਾਦਤ ਬਿਆਨ ਤੋਂ ਬਾਅਦ ਹੁਣ ਸਿਆਸਤ ਭੱਖ ਗਈ ਹੈ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਤੇ ਵਿਧਾਇਕ ਅਮਨ ਅਰੋੜਾ ਨੇ ਬਿਪਲਬ ਕੁਮਾਰ ਦੇ ਬਿਆਨ ਦੀ ਜੰਮ ਕੇ ਨਿੰਦਾ ਕੀਤੀ ਹੈ।
ਭਗਵੰਤ ਮਾਨ ਨੇ ਕੀਤੀ ਨਿੰਦਾ
ਭਗਵੰਤ ਮਾਨ ਨੇ ਕਿਹਾ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਨੂੰ ਸ਼ਾਇਦ ਪੰਜਾਬ ਤੇ ਪੰਜਾਬੀਆਂ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਹੀ ਉਨ੍ਹਾਂ ਇਸ ਤਰ੍ਹਾਂ ਦੀ ਗੱਲ ਆਖੀ ਹੈ। ਭਗਵੰਤ ਮਾਨ ਨੇ ਅਜ਼ਾਦੀ ਦੀ ਲੜਾਈ 'ਚ ਪੰਜਾਬੀਆਂ ਦੀ ਭੂਮਿਕਾ ਤੋਂ ਲੈ ਕੇ ਸਰਹੱਦ ਦੀ ਰਾਖੀ ਕਰਦੇ ਪੰਜਾਬੀ ਵੀਰ ਫ਼ੌਜੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਕਿਸੇ ਨਾਲੋਂ ਘੱਟ ਨਹੀਂ ਹੈ। ਵਿਸ਼ਵ ਭਰ 'ਚ ਪੰਜਾਬੀਆਂ ਦਾ ਡੰਕਾਂ ਵਜਦਾ ਹੈ, ਅਜਿਹੇ 'ਚ ਭਾਜਪਾ ਦੇ ਮੁੱਖ ਮੰਤਰੀ ਦਾ ਬਿਆਨ ਨਿੰਦਣਯੋਗ ਹੈ।
ਭਗਵੰਤ ਮਾਨ ਨੇ ਭਾਜਪਾ ਤੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਜਲਦ ਹੀ ਅਹੁਦੇ ਤੋਂ ਬਰਖ਼ਾਸਤ ਕਰੇ। ਉਨ੍ਹਾਂ ਕਿਹਾ ਕਿ ਜੇ ਕੇਂਦਰ ਦੀ ਭਾਜਪਾ ਸਰਕਾਰ ਦਾ ਵੀ ਇਹ ਹੀ ਮਤ ਹੈ ਤਾਂ ਉਹ ਵੀ ਆਪਣਾ ਪੱਖ ਸਪਸ਼ਟ ਕਰੇ। ਚਿਤਾਵਨੀ ਦਿੰਦੇ ਹੋਏ ਮਾਨ ਨੇ ਕਿਹਾ ਕਿ ਜੇ ਇਸ ਮਾਮਲੇ 'ਤੇ ਜਲਦ ਸਰਕਾਰ ਨੇ ਫੈਸਲਾ ਨਹੀਂ ਲਿਆ ਤਾਂ ਆਉਣ ਵਾਲੇ ਦਿਨਾਂ 'ਚ ਉਹ ਇਸ ਲਈ ਸੰਘਰਸ਼ ਕਰਨਗੇ।
ਅਮਨ ਅਰੋੜਾ ਨੇ ਪਾਈ ਝਾੜ
ਦੂਜੇ ਪਾਸੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਾਰੇ ਮੁਲਕ ਦਾ ਇਤਿਹਾਸ ਪੰਜਾਬੀਆਂ ਦੀ ਸ਼ੁਰਵੀਰਤਾ ਨਾਲ ਭਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੂਰੇ ਸੰਸਾਰ 'ਚ ਪੰਜਾਬੀ ਕੌਮ ਨੇ ਹੀ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ, ਕੀ ਇਹ ਭਾਜਪਾ ਦਾ ਆਫਿਸ਼ਿਅਲ ਸਟੈਂਡ ਹੈ? ਜੇ ਆਫਿਸ਼ਿਅਲ ਸਟੈਂਡ ਨਹੀਂ ਹੈ ਤਾਂ ਉਨ੍ਹਾਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਪਣੇ ਮੁੱਖ ਮੰਤਰੀ ਨੂੰ ਅਹੁਦੇ ਤੋਂ ਬਰਖ਼ਾਸਤ ਕਰਨਾ ਚਾਹੀਦਾ ਹੈ।
ਕੀ ਹੈ ਮਾਮਲਾ...
ਅਗਰਤਲਾ ਪ੍ਰੈਸ ਕਲੱਬ ਵਿਖੇ ਆਯੋਜਿਤ ਸਮਾਗਮ ਵਿੱਚ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਵੱਖ-ਵੱਖ ਭਾਈਚਾਰਿਆਂ ਅਤੇ ਦੇਸ਼ ਦੇ ਰਾਜਾਂ ਦੇ ਲੋਕਾਂ ਨਾਲ ਜੁੜੀਆਂ ਚੀਜ਼ਾਂ ਬਾਰੇ ਦੱਸ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਉਨ੍ਹਾਂ ਨੂੰ ਪੰਜਾਬੀ ਕਹਿੰਦੇ ਹਨ, ਉਹ ਸਰਦਾਰ ਹਨ! ਸਰਦਾਰ ਕਿਸੇ ਤੋਂ ਨਹੀਂ ਡਰਦਾ। ਉਹ ਬਹੁਤ ਸ਼ਕਤੀਸ਼ਾਲੀ ਹੈ ਭਾਵੇਂ ਉਸ ਦਾ ਦਿਮਾਗ ਘੱਟ ਹੈ। ਕੋਈ ਵੀ ਉਨ੍ਹਾਂ ਨੂੰ ਤਾਕਤ ਨਾਲ ਨਹੀਂ ਬਲਕਿ ਪਿਆਰ ਨਾਲ ਜਿੱਤ ਸਕਦਾ ਹੈ।
ਫਿਰ ਰਹਿਆਣਾ ਦੇ ਜਾਟ ਭਾਈਚਾਰੇ ਦਾ ਜ਼ਿਕਰ ਕਰਦਿਆਂ ਸੀਐੱਮ ਦੇਬ ਨੇ ਕਿਹਾ ਕਿ ਲੋਕ ਜਾਟਾਂ ਬਾਰੇ ਗੱਲਾਂ ਕਿਵੇਂ ਕਰਦੇ ਹਨ… ਉਹ ਕਹਿੰਦੇ ਹਨ… ਜਾਟ ਘੱਟ ਬੁੱਧੀਮਾਨ ਹੁੰਦੇ ਹਨ, ਪਰ ਸਰੀਰਕ ਤੌਰ 'ਤੇ ਤਾਕਤਵਰ ਹੁੰਦੇ ਹਨ। ਜੇ ਤੁਸੀਂ ਕਿਸੇ ਜਾਟ ਨੂੰ ਚੁਣੌਤੀ ਦਿੰਦੇ ਹੋ, ਤਾਂ ਉਹ ਘਰ ਤੋਂ ਆਪਣੀ ਬੰਦੂਕ ਲੈ ਆਵੇਗਾ।
ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਦੇ ਇਸ ਬਿਆਨ ਤੋਂ ਬਾਅਦ ਪੰਜਾਬੀਆਂ 'ਚ ਕਾਫ਼ੀ ਰੋਸ ਵੇਖਣ ਨੂੰ ਮਿਲ ਰਿਹਾ ਹੈ।