ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਜ਼ਮੀਨ ਦੀ ਵਿਕਰੀ 'ਤੇ ਇੰਤਕਾਲ ਫੀਸ ਦੁੱਗਣੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਅਜਿਹੇ ਫ਼ੈਸਲੇ ਮਹਾਂਮਾਰੀ ਵੇਲੇ ਨਹੀਂ ਲਏ ਜਾਣੇ ਚਾਹੀਦੇ ਸਨ ਜਦੋਂਕਿ ਲੋਕਾਂ ਨੂੰ ਰਾਹਤ ਦੀ ਜ਼ਰੂਰਤ ਹੈ, ਉਦੋਂ ਨਵੇਂ ਟੈਕਸ ਥੋਪੇ ਜਾ ਰਹੇ ਹਨ।
ਇਸ ਸਬੰਧ ਵਿਚ ਪੰਜਾਬ ਮੰਤਰੀ ਮੰਡਲ ਦੇ ਫ਼ੈਸਲਿਆਂ 'ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫੀਸ ਦੁੱਗਣੀ ਕਰਨ ਦੇ ਫ਼ੈਸਲੇ ਨੂੰ ਲੋਕ ਵਿਰੋਧੀ ਕਦਮ ਕਰਾਰ ਦਿੱਤਾ ਤੇ ਇਸ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕੀਤੀ।
ਮਜੀਠੀਆ ਨੇ ਕਿਹਾ ਕਿ ਸਰਕਾਰ ਛੋਟੀਆਂ ਛੋਟੀਆਂ ਗੱਲਾਂ 'ਤੇ ਸਿਆਣਪ ਵਿਖਾ ਰਹੀ ਹੈ ਜਦਕਿ ਵੱਡੇ ਮਸਲਿਆਂ ਪ੍ਰਤੀ ਅਣਜਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇੱਕ ਤੋਂ ਬਾਅਦ ਇੱਕ ਟੈਕਸ ਥੱਲੇ ਪਿਸ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਮਹਿੰਗੀਆਂ ਬਿਜਲੀ ਦਰਾਂ ਦੇ ਨਾਲ ਨਾਲ ਪੈਟਰੋਲ ਅਤੇ ਡੀਜ਼ਲ 'ਤੇ ਸਭ ਤੋਂ ਵੱਧ ਵੈਟ ਅਤੇ ਸਰਚਾਰਜ ਦੇ ਬੋਝ ਥੱਲੇ ਦਬੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਬੱਚਿਆਂ ਫੀਸ ਭਰ ਕੇ ਉਨ੍ਹਾਂ ਨੂੰ ਕੋਈ ਰਾਹਤ ਦੇਣ ਤੋਂ ਇਨਕਾਰੀ ਹੈ ਜਿਨ੍ਹਾਂ ਦੇ ਮਾਪੇ ਫੀਸ ਭਰਨ ਤੋਂ ਅਸਮਰਥ ਹਨ ਤੇ ਇਨ੍ਹਾਂ ਨੂੰ ਸਕੂਲ ਵਿਚੋਂ ਕੱਢਣ ਦਾ ਖ਼ਤਰਾ ਹੈ ।
ਉਨ੍ਹਾਂ ਕਿਹਾ ਕਿ ਕੈਬਿਨੇਟ ਨੂੰ ਅੱਜ ਕਿਸੇ ਰਾਹਤ ਦਾ ਐਲਾਨ ਕਰਨਾ ਚਾਹੀਦਾ ਸੀ ਪਰ ਬਜਾਏ ਇਸਦੇ ਉਸਨੇ ਇੰਤਕਾਲ ਫੀਸ ਵਧਾ ਕੇ ਲੋਕਾਂ 'ਤੇ ਨਵਾਂ ਬੋਝ ਪਾਇਆ ਹੈ। ਉਨ੍ਹਾਂ ਕਿਹਾ ਕਿ ਇੰਤਕਾਲ ਫੀਸ ਵਿਚ ਇਹ ਵਾਧਾ ਉਦੋਂ ਕੀਤਾ ਗਿਆ ਹੈ ਜਦੋਂ ਜਾਇਦਾਦ ਦੀ ਵਿਕਰੀ ਬਹੁਤ ਘੱਟ ਗਈ ਹੈ ਤੇ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਅਸ਼ਟਾਮ ਡਿਊਟੀ ਵਿਚ ਕਟੌਤੀ ਕਰੇ ਤਾਂ ਕਿ ਪ੍ਰਾਪਰਟੀ ਕਾਰੋਬਾਰ ਮੁੜ ਚੱਲੇ।
ਅਕਾਲੀ ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਕਿਹਾ ਕਿ ਉਹ ਨਜਾਇਜ਼ ਸ਼ਰਾਬ ਦੀ ਵੱਡੀ ਪੱਧਰ 'ਤੇ ਵਿਕਰੀ, ਸਮਗਲਿੰਗ ਤੇ ਬਾਟਲਿੰਗ ਕਾਰਨ ਹੋਏ 5600 ਕਰੋੜ ਰੁਪਏ ਦੇ ਆਬਕਾਰੀ ਮਾਲੀਆ ਘਾਟੇ ਦੀ ਨਿਰਪੱਖ ਜਾਂਚ ਕਰਵਾਉਣ।
ਉਨ੍ਹਾਂ ਕਿਹਾ ਕਿ ਬੀਜ ਘੁਟਾਲੇ ਅਤੇ ਹਾਲ ਹੀ ਵਿਚ ਹੋਏ ਬੀਮਾ ਘੁਟਾਲੇ ਦੀ ਵੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸਰਕਾਰ ਸੂਬੇ ਦੇ ਖ਼ਜ਼ਾਨੇ ਦੀ ਲੁੱਟ ਕਰਨ ਵਾਲਿਆਂ ਤੋਂ ਇਹ ਪੈਸਾ ਉਗਰਾਹ ਸਕੇ ਤੇ ਆਮ ਲੋਕ ਕਰੋਨਾ ਮਹਾਂਮਾਰੀ ਵੇਲੇ ਟੈਕਸਾਂ ਦੀ ਮਾਰ ਹੇਠ ਆਉਣੋਂ ਬਚ ਜਾਣ।