ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ (Aam Aadmi Party Punjab) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਨਸ਼ਾ ਤਸਕਰੀ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਅਗਾਉਂ ਜ਼ਮਾਨਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਅਤੇ ਬਾਦਲਾਂ ਦੀ ਮਿਲੀਭੁਗਤ ਦਾ ਨਤੀਜਾ ਹੈ, ਕਿਉਂਕਿ ਆਮ ਆਦਮੀ ਪਾਰਟੀ ਮੁੱਢ ਤੋਂ ਹੀ ਕਾਂਗਰਸ ਸਰਕਾਰ ’ਤੇ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਬਚਾਉਣ ਦੇ ਦੋਸ਼ ਲਾਉਂਦੀ ਆ ਰਹੀ ਹੈ।
ਮਜੀਠੀਆ ਖ਼ਿਲਾਫ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ
ਮਾਨ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ’ਤੇ ਉੱਚ ਪੱਧਰੀ ਕਮੇਟੀ ਵੱਲੋਂ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕੀਤੀ ਗਈ ਸੀ ਅਤੇ ਇਸ ਜਾਂਚ ਰਿਪੋਰਟ ਵਿੱਚ ਅਕਾਲੀ ਆਗੂ ਦਾ ਨਾਂਅ ਬੋਲਦਾ ਸੀ, ਪਰ ਨਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਮੌਜ਼ੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਈ ਠੋਸ ਕਾਰਵਾਈ ਕੀਤੀ ਹੈ।
ਨਸ਼ਾ ਤਸਕਰੀ ਜਾਂਚ ਰਿਪੋਰਟ ਨੂੰ ਖੋਲ੍ਹਣ ਦੀ ਮੰਗ
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਵਿੱਚ ਵੀ ਨਸ਼ਾ ਤਸਕਰਾਂ ਖਿਲਾਫ਼ ਮਿਸਾਲੀ ਕਾਰਵਾਈ ਕਰਨ ਦੇ ਨਾਲ-ਨਾਲ ਲਿਫ਼ਾਫੇ ’ਚ ਬੰਦ ਪਈ ਨਸ਼ਾ ਤਸਕਰੀ ਜਾਂਚ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਤਾਂ ਜੋ ਨਸ਼ੇ ਦਾ ਵੱਡੇ ਤਸਕਰ ਅਕਾਲੀ ਅਤੇ ਕਾਂਗਰਸੀ ਆਗੂਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਜਾਣਬੁੱਝ ਕੇ ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਕੀਤੀ ਕਮਜ਼ੋਰ FIR
ਉਨ੍ਹਾਂ ਕਿਹਾ ਕਿ ਚੋਣਾ ਨੇੜੇ ਆਉਂਦੀਆਂ ਦੇਖ ਭਾਂਵੇਂ ਚੰਨੀ ਸਰਕਾਰ ਨੇ ਚੋਣ ਸਟੰਟ ਕਰਦੇ ਹੋਏ ਜਾਣਬੁੱਝ ਕੇ ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਕਮਜ਼ੋਰ FIR ਕੀਤੀ ਸੀ ਤਾਂ ਜੋ ਜ਼ਮਾਨਤ ਮਿਲ ਜਾਵੇ। ਇਸ ਲਈ ਅਦਾਲਤ ਵੱਲੋਂ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਸਾਫ਼ ਹੋ ਗਿਆ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚ ਡੋਬਣ ਲਈ ਅਕਾਲੀ ਅਤੇ ਕਾਂਗਰਸੀ ਆਪਸ ਵਿੱਚ ਮਿਲੇ ਹੋਏ ਹਨ।
ਕਿਸੇ ਵੱਡੀ ਮੱਛੀ ਨੂੰ ਹੱਥ ਨਹੀਂ ਪਾਇਆ ਗਿਆ
ਮਾਨ ਨੇ ਕਿਹਾ ਕਿ ਮਜੀਠੀਆ ਖ਼ਿਲਾਫ਼ FIR ਦਰਜ ਕਰਕੇ ਕਾਂਗਰਸ ਪਾਰਟੀ ਅਤੇ ਚੰਨੀ ਸਰਕਾਰ ਇਸ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਸਨ, ਜਿਵੇਂ ਸੂਬੇ ਵਿੱਚੋਂ ਸਾਰੇ ਡਰੱਗ ਮਾਫੀਆ ਨੂੰ ਜੜੋਂ ਪੁੱਟ ਦਿੱਤਾ ਗਿਆ ਹੋਵੇ ਅਤੇ ਨਸ਼ੇ ਦੇ ਸਾਰੇ ਵੱਡੇ-ਛੋਟੇ ਤਸਕਰਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਹੋਵੇ, ਪਰ ਹੁਣ ਸਿੱਧ ਹੋ ਗਿਆ ਹੈ ਕਿ ਨਾ ਤਾਂ ਡਰੱਗ ਦਾ ਕਾਲ਼ਾ ਕਾਰੋਬਾਰ ਘਟਿਆ ਜਾਂ ਰੁੱਕਿਆ ਹੈ ਅਤੇ ਨਾ ਹੀ ਕਿਸੇ ਵੱਡੀ ਮੱਛੀ ਨੂੰ ਹੱਥ ਪਾਇਆ ਗਿਆ ਹੈ।
ਕਾਂਗਰਸ ਪਾਰਟੀ ਵੱਲੋਂ ਬਾਦਲ-ਮਜੀਠੀਆ ਪਰਿਵਾਰ ਨਾਲ ਹੋਈ ‘ਡੀਲ’
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ FIR ਦਰਜ ਹੋਣ ਦੇ 20-22 ਦਿਨ ਬੀਤਣ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ, ਜਦੋਂ ਕਿ ਕਾਫ਼ੀ ਦਿਨ ਪਹਿਲਾਂ ਜ਼ਿਲ੍ਹਾ ਅਦਾਲਤ ਮੋਹਾਲੀ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜੀ ਖ਼ਾਰਜ ਕਰ ਦਿੱਤੀ ਗਈ ਸੀ। ਉੁਨ੍ਹਾਂ ਦਾਅਵਾ ਕੀਤਾ ਕਿ ਬਿਕਰਮ ਮਜੀਠੀਆ ਖ਼ਿਲਾਫ਼ FIR ਕਾਂਗਰਸ ਪਾਰਟੀ ਵੱਲੋਂ ਬਾਦਲ-ਮਜੀਠੀਆ ਪਰਿਵਾਰ ਨਾਲ ਹੋਈ ‘ਡੀਲ’ ਦਾ ਹਿੱਸਾ ਹੈ।
ਚੰਨੀ ਸਰਕਾਰ ਮਜੀਠੀਆ ਨੂੰ ਨਹੀਂ ਕਰਨਾ ਚਾਹੁੰਦੀ ਸੀ ਗ੍ਰਿਫ਼ਤਾਰ
ਇਸੇ ਕਰਕੇ ਪੰਜਾਬ ਪੁਲਿਸ ਨੇ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਕਿਉਂਕਿ ਨਾ ਤਾਂ ਮਜੀਠੀਆ ਪਤਾਲ ਵਿੱਚ ਜਾ ਕੇ ਲੁਕਿਆ ਸੀ ਅਤੇ ਨਾ ਹੀ ਪੰਜਾਬ ’ਚੋਂ ਦੂਰ ਚਲਾ ਗਿਆ ਸੀ, ਸਹੀ ਗੱਲ ਇਹ ਹੈ ਕਿ ਚੰਨੀ ਸਰਕਾਰ ਮਜੀਠੀਆ ਨੂੰ ਗ੍ਰਿਫ਼ਤਾਰ ਕਰਨਾ ਹੀ ਨਹੀਂ ਚਾਹੁੰਦੀ ਸੀ ਅਤੇ 2022 ਦੀਆਂ ਚੋਣਾ ਲਈ ਚੋਣ ਜਾਬਤਾ ਲੱਗਣ ਦਾ ਇੰਤਜ਼ਾਰ ਕਰ ਰਹੀ ਸੀ।
ਨਸ਼ਾ ਖ਼ਤਮ ਕਰਨ ਦੇ ਵਾਅਦੇ ਤੋਂ ਭੱਜੇ ਕਾਂਗਰਸੀ
ਮਾਨ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ’ਚੋਂ 4 ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦੇ ਵਾਅਦੇ ਤੋਂ ਭੱਜੇ ਕਾਂਗਰਸੀ ਆਪਣੀ ਜਵਾਬ ਦੇਹੀ ਤੋਂ ਨਹੀਂ ਬਚ ਸਕਦੇ। ਜਨਤਾ ਦੀ ਕਚਿਹਰੀ ਵਿੱਚ ਸਾਰੇ ਕਾਂਗਰਸੀਆਂ ਨੂੰ ਸ੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਉਸੇ ਤਰ੍ਹਾਂ ਹਿਸਾਬ ਦੇਣਾ ਪਵੇਗਾ, ਜਿਵੇਂ ਬਾਦਲ ਐਂਡ ਪਾਰਟੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ 10 ਸਾਲਾਂ ਮਾਫੀਆ ਰਾਜ ਬਾਰੇ ਪੁੱਛਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਮਨਜ਼ੂਰ