ਚੰਡੀਗੜ੍ਹ: ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇਹ ਤਾਂ ਕਹਿ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਸੀਐਮ ਦਾ ਚਿਹਰਾ ਸਿੱਖ ਹੋਵੇਗਾ ਪਰ ਅਜੇ ਤੱਕ ਉਸ ਚਿਹਰੇ ਦਾ ਨਾਮ ਘੋਸ਼ਿਤ ਨਾ ਕਰਨ ਨੂੰ ਲੈ ਕੇ ਜਾਣਕਾਰੀ ਮਿਲ ਰਹੀ ਹੈ ਕਿ ਭਗਵੰਤ ਮਾਨ ਨਾਰਾਜ਼ ਚੱਲ ਰਹੇ ਹਨ ਕਿਉਂਕਿ ਹੁਣ ਅਰਵਿੰਦ ਕੇਜਰੀਵਾਲ (Arvind Kejriwal) ਭਗਵੰਤ ਮਾਨ (Bhagwant Mann) ਨੂੰ ਸੀਐਮ ਦਾ ਚਿਹਰਾ ਨਾ ਦੇਖਦੇ ਹੋਏ ਹੋਰ ਸਿੱਖ ਚਿਹਰੇ ਦੀ ਭਾਲ ਕਰ ਰਹੇ ਹਨ।
ਆਪ ਦੇ ਸੀਐੱਮ ਚਿਹਰੇ ਤੇ ਸਿਆਸੀ ਘਮਸਾਣ
ਜਾਣਕਾਰੀ ਤਾਂ ਇਹ ਵੀ ਮਿਲੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਬਿਜ਼ਨੈੱਸਮੈਨ ਸੁਰਿੰਦਰਪਾਲ ਓਬਰਾਏ ਨਾਲ ਵੀ ਇਸ ਮੁੱਦੇ ‘ਤੇ ਗੱਲਬਾਤ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਹੀ ਭਗਵੰਤ ਮਾਨ ਵਲੋਂ ਸਿਆਸੀ ਪ੍ਰੋਗਰਾਮਾਂ ਤੋਂ ਦੂਰੀ ਬਣਾ ਲਈ ਗਈ ਹੈ।
ਵਿਰੋਧੀਆਂ ਦੇ ਆਪ ਤੇ ਨਿਸ਼ਾਨੇ
ਇਸ ਮੁੱਦੇ ‘ਤੇ ਤਾਂ ਹੁਣ ਵਿਰੋਧੀਆਂ ਨੇ ਵੀ ਚੁਟਕੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ । ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਵਲੋਂ ਵੀ ਇਹ ਕਿਹਾ ਗਿਆ ਕਿ ਮੈਨੂੰ ਹੁਣ ਪਤਾ ਚੱਲਿਆ ਕਿ ਭਗਵੰਤ ਮਾਨ ਇੰਨੇ ਕੰਟਰੋਵਰਸ਼ੀਅਲ ਹਨ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਖੁਦ ਸੀਐਮ ਚਿਹਰਾ ਬਣਨਾ ਚਾਹੁੰਦਾ ਹੈ।
ਬੈਂਸ ਨੇ ਭਗਵੰਤ ਮਾਨ ਦੇ ਗਾਏ ਸੋਹਲੇ
ਓਥੇ ਹੀ ਸਿਮਰਜੀਤ ਬੈਂਸ ਵੀ ਭਗਵੰਤ ਮਾਨ ਦੀਆਂ ਤਾਰੀਫ਼ਾਂ ਕਰਦੇ ਵਿਖਾਈ ਦਿੱਤੇ ਸਿਮਰਜੀਤ ਬੈਂਸ ਕਿਹਾ ਮਾਨ ਨੇ ਹੀ ਬਣਾਇਆ ਆਪ ਦਾ ਪੰਜਾਬ ‘ਚ ਵਜੂਦ।
ਅਕਾਲੀ ਦਲ ਨੇ ਆਪ ਤੇ ਚੁੱਕੇ ਸਵਾਲ
ਓਥੇ ਹੀ ਅਕਾਲੀ ਦਲ ਦੇ ਬੁਲਾਰੇ ਕਰਮਵੀਰ ਗੋਰਾਈਆ ਨੇ ਕਿਹਾ ਜੋ ਹਾਲ 2017 ਦੀਆਂ ਚੋਣਾਂ ਵੇਲੇ ਸੁੱਚਾ ਸਿੰਘ ਛੋਟੇਪੁਰ ਦਾ ਆਪ ਪਾਰਟੀ ਨੇ ਕੀਤਾ ਸੀ ਉਹ ਹੀ ਭਗਵੰਤ ਮਾਨ ਦਾ ਹੋਣਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਆਪਣੀ ਨਜ਼ਰ ਪੰਜਾਬ ‘ਤੇ ਹੈ।
ਭਗਵੰਤ ਮਾਨ ਨੂੰ ਲੈਕੇ ਛੋਟੇਪੁਰ ਦਾ ਜ਼ਿਕਰ
ਭਾਜਪਾ ਦੇ ਬੁਲਾਰੇ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਬੜੀ ਮੰਦਭਾਗੀ ਗੱਲ ਹੋਈ ਸੀ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਛੋਟੀ ਜਿਹੀ ਗੱਲ ‘ਤੇ ਕੱਢ ਦਿੱਤਾ ਗਿਆ ਸੀ ਅਤੇ ਹੁਣ ਭਗਵੰਤ ਮਾਨ ਨਾਲ ਵੀ ਉਸੇ ਤਰ੍ਹਾਂ ਦਾ ਹੋ ਸਕਦਾ ਹੈ।
ਆਪ ਦੇ ਸਿਆਸੀ ਬਵਾਲ ਤੇ ਬੋਲੇ ਚੀਮਾ
ਹਾਲਾਂਕਿ ਵਿਰੋਧੀ ਪਾਰਟੀਆਂ ਇਸ ਮੁੱਦੇ ‘ਤੇ ਚੁਟਕੀਆਂ ਲੈਂਦੀਆਂ ਨਜ਼ਰ ਆਏ ਰਹੀਆਂ ਹਨ ਉਥੇ ਹੀ ਆਪ ਪਾਰਟੀ ਦੇ ਸੀਨੀਅਰ ਲੀਡਰ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਾਰਟੀ ਤੋਂ ਬਿਲਕੁਲ ਨਾਰਾਜ਼ ਨਹੀਂ ਹਨ।
ਬਹਿਰਹਾਲ ਆਮ ਆਦਮੀ ਪਾਰਟੀ ਇਸ ਮੁੱਦੇ ਤੇ ਜਿੰਨ੍ਹਾਂ ਮਰਜ਼ੀ ਪਰਦਾ ਪਾਉਂਦੀ ਰਹੇ ਪਰ ਅਸਲ ਵਿਚ ਸਿਆਸੀ ਚਰਚਾ ਇਹ ਹੀ ਚੱਲ ਰਹੀ ਹੈ ਕਿ ਭਗਵੰਤ ਮਾਨ ਨੂੰ ਸੀਐਮ ਚਿਹਰਾ ਵਜੋਂ ਅਰਵਿੰਦ ਕੇਜਰੀਵਾਲ ਪਸੰਦ ਨਹੀਂ ਕਰਦੇ ਅਤੇ ਇਸੇ ਕਰਕੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੁਬਈ ਦੇ ਬਿਜ਼ਨਸਮੈਨ ਐਸਪੀ ਓਬੇਰੋਇ ਜੋ ਕਿ ਆਪਣੇ ਵੱਲੋਂ ਚਲਾਈ ਜਾ ਰਹੀ ਐਨਜ਼ੀਓ ਸਰਬੱਤ ਦਾ ਭਲਾ ਕਰਕੇ ਜਾਣੇ ਜਾਂਦੇ ਹਨ ਉਨ੍ਹਾਂ ਨੂੰ ਸੀਐਮ ਦਾ ਚਿਹਰਾ ਬਣਾਉਣ ਲਈ ਆਫ਼ਰ ਕਰ ਦਿੱਤੀ ਗਈ ਹੈ ਪਰ ਉੁਨ੍ਹਾਂ ਇਸ ਤੋਂ ਨਾ ਕਰ ਦਿੱਤੀ ਗਈ ਹੈ। ਹੁਣ ਭਗਵੰਤ ਮਾਨ ਇਸ ਗੱਲ ਤੋ ਨਾਰਾਜ਼ ਹੋ ਕੇ ਪਾਰਟੀ ਛੱਡਣ ਦੀ ਤਿਆਰੀ ਖਿੱਚੀ ਬੈਠੇ ਹਨ ਪਰ ਹਜੇ ਇਹ ਸਭ ਭਵਿੱਖ ਦੀ ਗੋਦ ਵਿਚ ਹੈ ਅਤੇ ਆਉਂਦੇ ਕੁਝ ਸਮੇਂ ਵਿਚ ਸਥਿਤੀ ਪੂਰੀ ਤਰ੍ਹਾਂ ਸਾਫ ਹੋਵੇਗੀ।