ਚੰਡੀਗੜ੍ਹ: ਸੂਬਾ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵਿਸ਼ੇਸ਼ ਜਾਗਰੂਕਤਾ ਵੈਨ ਚਲਾਈ ਗਈ ਹੈ। ਇਸ ਜਾਗਰੂਕਤਾ ਵੈਨ ਨੂੰ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 'ਕੌਮੀ ਕੈਂਸਰ ਜਾਗਰੂਕਤਾ ਦਿਵਸ' ਨੂੰ ਮਨਾਉਣ ਹਿੱਤ ਸੂਬਾ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵਿਸ਼ੇਸ਼ ਜਾਗਰੂਕਤਾ ਵੈਨ ਚਲਾਈ ਗਈ ਹੈ। ਇਹ ਸਮੇਂ ਲੋੜ ਹੈ ਕਿ ਲੋਕਾਂ ਨੂੰ ਗੈਰ-ਸੰਚਾਰੀ ਬੀਮਾਰੀਆਂ ਖਾਸ ਤੌਰ 'ਤੇ ਕੈਂਸਰ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਇਹਨਾਂ ਬੀਮਾਰੀਆਂ ਦੀ ਮੁੱਢਲੇ ਪੜਾਵਾਂ 'ਤੇ ਜਾਂਚ ਕਰਕੇ ਜ਼ਰੂਰੀ ਇਲਾਜ ਮੁਹੱਈਆ ਕਰਵਾਇਆ ਜਾਵੇ।
ਮੰਤਰੀ ਨੇ ਅੱਗੇ ਕਿਹਾ ਕਿ ਕੈਂਸਰ ਦੇ ਸ਼ੱਕੀ ਕੇਸਾਂ ਦੀ ਪਹਿਚਾਣ ਲਈ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੈਂਸਰ, ਡਾਈਬਟੀਜ਼ ਅਤੇ ਹਾਈਪਰਟੈਂਸ਼ਨ ਵਰਗੀਆਂ ਬੀਮਾਰੀਆਂ ਲਈ ਘਰ-ਘਰ ਜਾ ਕੇ ਸਕਰੀਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹਾ ਹਸਪਤਾਲ/ ਸਬ ਡਵੀਜ਼ਨਲ ਹਸਪਤਾਲ/ ਕਮਿਊਨਟੀ ਹੈਲਥ ਸੈਂਟਰ ਵਿਖੇ ਗੈਰ ਸੰਚਾਰੀ ਬਿਮਾਰੀਆਂ ਨੂੰ ਰੋਕਣ ਲਈ ਕਲੀਨਿਕ (ਐਨ.ਸੀ.ਡੀ.) ਸਥਾਪਤ ਕੀਤੇ ਗਏ ਹਨ। ਸਾਲ 2017 ਤੋਂ ਹੁਣ ਤੱਕ 25,45,770 ਵਿਅਕਤੀਆਂ ਦੀ ਐਨ.ਸੀ.ਡੀ. ਲਈ ਜਾਂਚ ਕੀਤੀ ਗਈ ਹੈ ਜਿਹਨਾਂ ਵਿੱਚੋਂ ਤਕਰੀਬਨ 12.7 ਫੀਸਦੀ ਡਾਇਬਟੀਜ਼ ਨਾਲ, 16.4 ਫੀਸਦੀ ਹਾਈਪਰਟੈਸ਼ਨ ਨਾਲ ਅਤੇ 0.13 ਫੀਸਦੀ ਕੈਂਸਰ ਤੋਂ ਪ੍ਰਭਾਵਿਤ ਪਾਏ ਗਏ। ਉਹਨਾਂ ਅੱਗੇ ਕਿਹਾ ਕਿ ਪਹਿਚਾਣ ਕੀਤੇ ਇਹਨਾਂ ਮਰੀਜ਼ਾਂ ਨੂੰ ਸਿਹਤ ਵਿਭਾਗ ਵਲੋਂ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।