ਚੰਡੀਗੜ੍ਹ: ਠੰਡ ਵਧਣ ਦੇ ਨਾਲ ਹੀ ਪੰਜਾਬ ਦਾ ਸਿਆਸੀ ਪਾਰਾ ਵੀ ਵਧਦਾ ਜਾ ਰਿਹਾ ਹੈ। ਸੱਤਾ ਹਾਸਿਲ ਕਰਨ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਤਾਕਤ ਨਾਲ ਚੋਣ ਮੈਦਾਨ ਵਿੱਚ ਕੁੱਦ ਪਈਆਂ ਹਨ। ਇਸ ਦੇ ਚੱਲਦੇ ਹੀ ਸਾਰੀਆਂ ਆਗੂਆਂ ਨੇ ਲੋਕਾਂ ਵਿੱਚ ਜਾ ਕੇ ਦਾਅਵਿਆਂ ਅਤੇ ਵਾਅਦਿਆਂ ਦੀ ਖੇਡ ਸ਼ੁਰੂ ਕਰ ਦਿੱਤੀ ਹੈ। ਇਸ ਦੌੜ ਵਿੱਚ ਕੀ ਸ਼੍ਰੋਮਣੀ ਅਕਾਲੀ ਦਲ, ਕੀ ਕਾਂਗਰਸ ਅਤੇ ਕੀ ਆਮ ਆਦਮੀ ਪਾਰਟੀ ਸਭ ਨੇ ਆਪਣਾ ਚੋਣ ਪਿਟਾਰਾ ਖੋਲ੍ਹ ਦਿੱਤਾ ਹੈ। ਇਸ ਦੌੜ ਵਿੱਚ ਜੇਕਰ ਸਭ ਤੋਂ ਵੱਧ ਚਰਚਾ ਹੁੰਦੀ ਹੈ ਤਾਂ ਉਹ ਹੈ ਆਮ ਆਦਮੀ ਪਾਰਟੀ ਦੀ।
ਸਵਾਲ - ਆਮ ਆਦਮੀ ਪਾਰਟੀ ਇਸ ਵਾਰ ਵਿਧਾਨ ਸਭਾ ਚੋਣਾਂ (Assembly elections) ਵਿੱਚ ਪੰਜਾਬ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਜਾ ਰਹੀ ਹੈ? ਉਹ ਇੰਨ੍ਹਾਂ ਮੁੱਦਿਆਂ ਦੀ ਮਦਦ ਨਾਲ ਆਪਣੇ ਵਿਰੋਧੀਆਂ ਨੂੰ ਕਿਸ ਤਰੀਕੇ ਨਾਲ ਨਿਸ਼ਾਨਾ ਬਣਾ ਰਹੇ ਹਨ ?
ਜਵਾਬ - ਹਰਪਾਲ ਚੀਮਾ ਨੇ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਾਫੀਆ ਰਾਜ ਦੀ ਸ਼ੁਰੂਆਤ ਅਕਾਲੀ ਦਲ-ਭਾਜਪਾ ਨੇ ਕੀਤੀ ਸੀ ਜਿਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਹ ਸੂਬੇ 'ਚ ਮਾਫੀਆ ਰਾਜ ਖਤਮ ਕਰਨਗੇ ਪਰ ਉਹ ਸਾਢੇ 4 ਸਾਲਾਂ ਵਿੱਚ ਅਜਿਹਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਮਾਫੀਆ ਰਾਜ ਚਲਾਉਂਦੇ ਰਹੇ ਤੇ ਹੁਣ ਚਰਨਜੀਤ ਸਿੰਘ ਚੰਨੀ ਵੀ ਉਹੀ ਕਰ ਰਿਹਾ ਹੈ। ਚੀਮਾ ਨੇ ਕਿਹਾ ਕਿ ਇੰਨ੍ਹਾਂ ਸਾਰੇ ਲੋਕਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ 1987 ਤੱਕ ਦਾ ਬਜਟ ਸਰ ਪਲੱਸ ਸੀ। ਉਨ੍ਹਾਂ ਦੱਸਿਆ ਕਿ 1987 ਤੋਂ 1992 ਤੱਕ ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ। ਕਰੀਬ 9000 ਕਰੋੜ ਦਾ ਕਰਜ਼ਾ ਸੀ ਅਤੇ ਉਸ ਵਿੱਚੋਂ 6000 ਕਰੋੜ ਦਾ ਕਰਜ਼ਾ ਕੇਂਦਰ ਸਰਕਾਰ ਨੇ ਮੁਆਫ਼ ਕਰ ਦਿੱਤਾ ਹੈ। ਫਿਰ ਕਰਜ਼ਾ ਘਟ ਕੇ 3000 ਕਰੋੜ ਹੋ ਗਿਆ। ਹਰਪਾਲ ਚੀਮਾ ਨੇ ਕਿਹਾ ਕਿ ਇਹ ਕਰਜ਼ਾ ਵਧ ਕੇ 3.25 ਲੱਖ ਕਰੋੜ ਹੋ ਗਿਆ ਹੈ। 1992 ਤੋਂ 1997 ਤੱਕ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਸੀ ਜਦੋਂ ਕਿ 1997 ਤੋਂ 2002 ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਰਹੀ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ 2002 ਤੋਂ 2007 ਤੱਕ ਇਹੀ ਕਾਂਗਰਸ ਸਰਕਾਰ ਰਹੀ। ਇਹੀ ਹਾਲ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸਮੇਂ ਰਿਹਾ ਜਦੋਂ ਕਿ 2017 ਤੋਂ 2022 ਤੱਕ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਹੈ। ਹਰਪਾਲ ਚੀਮਾ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ 'ਤੇ ਕਰਜ਼ਾ ਵਧਦਾ ਜਾ ਰਿਹਾ ਹੈ ਤੇ ਪੰਜਾਬ ਦਾ ਖਜ਼ਾਨਾ ਖਾਲੀ ਹੈ। ਚੀਮਾ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਸੂਬੇ ਦੀ ਸਭ ਤੋਂ ਬੇਕਾਰ ਸਰਕਾਰ ਰਹੀ ਹੈ। ਲੋਕ ਉਨ੍ਹਾਂ ਨੂੰ ਸਬਕ ਸਿਖਾਉਣਗੇ। ਚੀਮਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਅੰਦਰ ਹੀ ਟਕਰਾਅ ਚੱਲ ਰਿਹਾ ਹੈ। ਉੁਨ੍ਹਾਂ ਕਿਹਾ ਕਿ ਸੀਐਮ ਚੰਨੀ ਦੀ ਜਾਖੜ ਨਾਲ ਨਹੀਂ ਬਣਦੀ, ਜਾਖੜ ਦੀ ਨਵਜੋਤ ਸਿੱਧੂ ਨਾਲ ਨਹੀਂ ਬਣਦੀ, ਸਿੱਧੂ ਦੀ ਮਨਪ੍ਰੀਤ ਬਾਦਲ ਨਾਲ ਨਹੀਂ ਬਣਦੀ। ਉਨ੍ਹਾਂ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਇਹ ਪਾਰਟੀ ਲੋਕਾਂ ਦਾ ਵਿਕਾਸ ਕਿਵੇਂ ਕਰੇਗੀ ਜੋ ਆਪਸ ਵਿੱਚ ਕੁਰਸੀ ਲਈ ਲੜ ਰਹੇ ਹਨ।
ਸਵਾਲ- ਤੁਹਾਡੀਆਂ ਸਾਰੀਆਂ ਵਿਰੋਧੀ ਪਾਰਟੀਆਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਕਿ ਉਹ ਬਾਹਰੋਂ ਹਨ। ਜਦੋਂ ਉਹ ਇੱਥੇ ਆਉਂਦੇ ਹਨ, ਤਾਂ ਉਹ ਸਿਰਫ਼ ਵਾਅਦਿਆਂ ਦੀ ਝੜੀ ਲਾ ਦਿੰਦੇ ਹਨ। ਪੰਜਾਬ ਦੀ ਮਾਲੀ ਹਾਲਤ ਬਹੁਤ ਮਾੜੀ ਹੈ ਅਤੇ ਅਜਿਹੀ ਸਥਿਤੀ ਵਿੱਚ ਵਾਅਦੇ 'ਤੇ ਵਾਅਦੇ ਕੀਤੇ ਜਾ ਰਹੇ ਹਨ?
ਜਵਾਬ - ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਕਾਂਗਰਸ ਨੂੰ ਡਰ ਲੱਗਦਾ ਹੈ। ਫਿਰ ਭਾਜਪਾ ਅਤੇ ਅਕਾਲੀ ਦਲ ਮਹਿਸੂਸ ਕਰਦੇ ਹਨ। ਕਿਉਂਕਿ ਇਨ੍ਹਾਂ ਸਭ ਨੇ ਪੰਜਾਬ ਨੂੰ ਲੁੱਟ ਦਾ ਅੱਡਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਪੰਜਾਬ ਨੂੰ ਬਦਲ ਬਦਲ ਕੇ ਲੁੱਟ ਰਹੀਆਂ ਹਨ ਜੇਕਰ ਕੋਈ 5 ਸਾਲ ਲੁੱਟਦਾ ਹੈ ਤਾਂ ਦੂਜਾ 5 ਸਾਲ ਲੁੱਟਦਾ ਹੈ। ਇਹ ਸਭ ਇਸ ਗੱਲ ਤੋਂ ਡਰ ਰਹੇ ਹਨ ਕਿ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਹਨ ਕਿ ਉਹ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣਗੇ। ਇਸੇ ਡਰ ਕਾਰਨ ਇਹ ਸਾਰੇ ਅਜਿਹੇ ਕੰਮ ਕਰ ਰਹੇ ਹਨ। ਹਰਪਾਲ ਚੀਮਾ ਨੇ ਅਰਵਿੰਦ ਕੇਜਰੀਵਾਲ ਦੀ ਤਾਰੀਫ ਕਰਦੇ ਕਿਹਾ ਕਿ ਉਹ ਇੱਕ ਅਜਿਹਾ ਆਗੂ ਹੈ ਜੋ ਆਪਣੇ ਕੀਤੇ ਵਾਅਦਿਆਂ ਨੂੰ 100 ਫੀਸਦੀ ਪੂਰਾ ਕਰਦਾ ਹੈ। ਉਨ੍ਹਾਂ ਨੇ ਦਿੱਲੀ ਵਿੱਚ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਤੇ ਇਸ ਵਾਰ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਨੂੰ ਧੂੜ ਚਟਾਵੇਗੀ। ਕਿਉਂਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਹੁਣ ਇਨ੍ਹਾਂ ਸਾਰਿਆਂ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ। ਉਨ੍ਹਾਂ ਕਿਹਾ ਕਿ ਆਪ ਪੰਜਾਬ ਵਿੱਚ ਵਧੀਆ ਸ਼ਾਸਨ ਲਿਆਏਗੀ।
ਸਵਾਲ - ਤੁਹਾਡੀ ਪਾਰਟੀ ਦੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ 20 ਵਿਧਾਇਕ ਜਿੱਤ ਕੇ ਆਏ ਸਨ। ਜਿੰਨ੍ਹਾਂ ਵਿਚੋਂ ਬਹੁਤੇ ਤੁਹਾਡੀ ਪਾਰਟੀ ਛੱਡ ਚੁੱਕੇ ਹਨ। ਅਜਿਹੇ 'ਚ 'ਆਪ' ਪਾਰਟੀ ਪੰਜਾਬ 'ਚ ਕਿਸ ਮਨੋਬਲ ਨਾਲ ਚੋਣ ਮੈਦਾਨ 'ਚ ਉਤਰੇਗੀ?
ਜਵਾਬ - ਇਸ ਸਵਾਲ ਜਵਾਬ ਦਿੰਦਿਆਂ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜਦੋਂ ਵੀ ਪੰਜਾਬ ਆਉਂਦੇ ਹਨ, ਚਾਹੇ ਉਹ ਤਿਰੰਗਾ ਯਾਤਰਾ ਕਰ ਰਹੇ ਹੋਣ ਅਤੇ ਜਦੋਂ ਵੀ ਉਹ ਆਉਂਦੇ ਹਨ, ਲੱਖਾਂ ਲੋਕ ਉਨ੍ਹਾਂ ਨੂੰ ਸੁਣਨ ਲਈ ਇਕੱਠੇ ਹੁੰਦੇ ਹਨ। ਲੋਕ ਉਸ ਦਾ ਨਿੱਘਾ ਸਵਾਗਤ ਕਰਦੇ ਹਨ। ਇਹ ਸਪੱਸ਼ਟ ਸੰਕੇਤ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਸੰਕੇਤ ਹੈ ਕਿ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ।
ਸਵਾਲ - ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਜਰੀਵਾਲ ਦੇ ਰੰਗ ਬਾਰੇ ਕੀਤੀ ਗਈ ਟਿੱਪਣੀ ਅਤੇ ਪੰਜਾਬ ਵਿੱਚ ਜਿਸ ਤਰ੍ਹਾਂ ਦੀ ਸ਼ਬਦੀ ਜੰਗ ਚੱਲ ਰਹੀ ਹੈ, ਉਸ ਬਾਰੇ ਤੁਸੀਂ ਕੀ ਕਹੋਗੇ?
ਜਵਾਬ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਦੇ ਕੰਮ ਕਰਨ ਦੀ ਬਜਾਏ ਅਰਵਿੰਦ ਕੇਜਰੀਵਾਲ 'ਤੇ ਟਿੱਪਣੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਉਨ੍ਹਾਂ ਨੂੰ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਜਿਹੀ ਭਾਸ਼ਾ ਮੁੱਖ ਮੰਤਰੀ ਦੇ ਅਨੁਕੂਲ ਨਹੀਂ ਹੈ ਕਿਉਂਕਿ ਇੱਕ ਮੁੱਖ ਮੰਤਰੀ ਦੂਜੇ ਮੁੱਖ ਮੰਤਰੀ 'ਤੇ ਅਜਿਹੀ ਟਿੱਪਣੀ ਕਰਨਾ ਸੋਭਦਾ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਹੈ ਅਤੇ ਪੰਜਾਬ ਦੇ ਲੋਕ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਇਹ ਸਾਰੀਆਂ ਟਿੱਪਣੀਆਂ ਚਾਹੇ ਚੰਨੀ ਜੀ, ਸੁਖਬੀਰ ਬਾਦਲ ਜਾਂ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਹਨ, ਇਸ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਹੂੰਝਾ ਫੇਰੂ ਝਾੜੂ ਚੱਲੇਗਾ।
ਸਵਾਲ - ਤੁਹਾਡੀ ਪਾਰਟੀ ਦੇ ਆਗੂ ਵੱਡੇ-ਵੱਡੇ ਵਾਅਦੇ ਕਰ ਰਹੇ ਹਨ ਜਦੋਂ ਕਿ ਪੰਜਾਬ ਦੀ ਵਿੱਤੀ ਹਾਲਤ ਬਹੁਤ ਮਾੜੀ ਹੈ, ਤੁਸੀਂ ਉਹ ਵਾਅਦੇ ਕਿਵੇਂ ਪੂਰੇ ਕਰੋਗੇ।
ਜਵਾਬ - ਪੰਜਾਬ ਵਿੱਚ ਜਦੋਂ ਵੀ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਹਨ, ਉਨ੍ਹਾਂ ਨੇ ਸ਼ਰੇਆਮ ਲੁੱਟ ਕੀਤੀ ਹੈ। ਇਹ ਸਾਰੇ ਪੰਜਾਬ ਦੇ ਖਜ਼ਾਨੇ ਨੂੰ ਖਾ ਗਏ ਹਨ। ਰਾਜ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਨੂੰ ਬੰਦ ਕੀਤਾ ਜਾਵੇਗਾ। ਚੀਮਾ ਨੇ ਕਿਹਾ ਕਿ ਤੁਸੀਂ ਚਾਹੇ ਪੇਂਡੂ ਖੇਤਰ ਜਾਂ ਸ਼ਹਿਰੀ ਖੇਤਰ ਵਿੱਚ ਚਲੇ ਜਾਓ, ਹਰ ਕੋਈ ਇਹੀ ਕਹਿੰਦਾ ਹੈ ਕਿ ਸਰਕਾਰੀ ਕੰਮਾਂ ਵਿੱਚ 20 ਤੋਂ 30% ਭ੍ਰਿਸ਼ਟਾਚਾਰ ਹੁੰਦਾ ਹੈ। ਅਸੀਂ ਇਸਨੂੰ ਸਿਰਫ 20% ਦੇ ਰੂਪ ਵਿੱਚ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬਜਟ 1 ਲੱਖ 70000 ਕਰੋੜ ਹੈ। ਅਜਿਹੇ 'ਚ ਕਰੀਬ 34000 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਹੋ ਰਿਹਾ ਹੈ। ਅਸੀਂ ਉਹ 34000 ਕਰੋੜ ਪੰਜਾਬ ਦੀਆਂ ਔਰਤਾਂ ਨੂੰ ਦੇਵਾਂਗੇ। ਅਸੀਂ ਇਸ ਨੂੰ ਲੋਕਾਂ ਦੀ ਸਿਹਤ 'ਤੇ ਖਰਚ ਕਰਾਂਗੇ। ਅਸੀਂ ਪੰਜਾਬ ਦੀ ਸਿੱਖਿਆ ਪ੍ਰਣਾਲੀ 'ਤੇ ਖਰਚ ਕਰਾਂਗੇ ਜੋ ਸਾਡਾ ਮਾਡਲ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਦੋਂ ਭ੍ਰਿਸ਼ਟਾਚਾਰ ਖ਼ਤਮ ਹੋਵੇਗਾ ਤਾਂ ਸਰਕਾਰ ਦਾ ਖ਼ਜ਼ਾਨਾ ਵੀ ਭਰ ਜਾਵੇਗਾ।
ਸਵਾਲ - 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸੀਐਮ ਚਿਹਰਾ ਨਹੀਂ ਐਲਾਨਿਆ ਸੀ। ਜਿਸ ਦਾ ਉਸਨੂੰ ਨੁਕਸਾਨ ਉਠਾਉਣਾ ਪਿਆ। ਕੀ ਇਸ ਵਾਰ ਵੀ ਆਮ ਆਦਮੀ ਪਾਰਟੀ ਆਪਣਾ ਮੁੱਖ ਮੰਤਰੀ ਚਿਹਰਾ ਨਹੀਂ ਐਲਾਨੇਗੀ?
ਜਵਾਬ- ਹਰਪਾਲ ਚੀਮਾ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਲੈ ਕੇ ਆਵੇਗੀ। ਜਲਦੀ ਹੀ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦਾ ਐਲਾਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਿਹਰਾ ਪੰਜਾਬ ਦਾ ਹੋਵੇਗਾ ਅਤੇ ਪੰਜਾਬੀ ਹੋਵੇਗਾ। ਕੀ ਉਹ ਚਿਹਰਾ ਹਰਪਾਲ ਚੀਮਾ ਹੋਵੇਗਾ ਜਾਂ ਭਗਵੰਤ ਮਾਨ, ਇਸ 'ਤੇ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਇਹ ਪਾਰਟੀ ਨੇ ਤੈਅ ਕਰਨਾ ਹੈ ਕਿ ਕਿਸ ਦੇ ਚਿਹਰੇ 'ਤੇ ਚੋਣ ਲੜਨੀ ਹੈ। ਇਸ ਮੌਕੇ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਖੁਦ ਇਸ ਦੌੜ ਵਿੱਚ ਕਿਤੇ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਮੈਂ ਸਿਰਫ ਪਾਰਟੀ ਦਾ ਵਰਕਰ ਹਾਂ ਤੇ ਪਾਰਟੀ ਦੀ ਸੇਵਾ ਕਰਦਾ ਰਹਾਂਗਾ। ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਨੂੰ ਸੀਐਮ ਚਿਹਰਾ ਬਣਾਇਆ ਜਾਂਦਾ ਹੈ ਤਾਂ ਉਹ ਇਸ ਬਾਰੇ ਕੀ ਕਹਿਣਗੇ? ਇਸ ਲਈ ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦਾ ਵਰਕਰ ਹਾਂ ਅਤੇ ਸਾਡੀ ਰਾਸ਼ਟਰੀ ਕਾਰਜਕਾਰਨੀ ਜੋ ਵੀ ਫੈਸਲਾ ਕਰੇਗੀ, ਉਹੀ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਖੁਦ ਇਸ ਦੌੜ ਵਿੱਚ ਨਾ ਪਹਿਲਾਂ ਹਿੱਸਾ ਲੈਂਦਾ ਸੀ ਅਤੇ ਨਾ ਹੀ ਅੱਗੇ ਹੋਵਾਂਗਾ।
ਸਵਾਲ - ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਚੋਣਾਂ ਵਿੱਚ ਇਕੱਠੇ ਹੋ ਗਏ ਹਨ। ਕੀ ਇਸ ਦਾ ਪੰਜਾਬ ਦੀ ਸਿਆਸਤ 'ਤੇ ਕੋਈ ਅਸਰ ਪਵੇਗਾ?
ਜਵਾਬ - ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪੰਜਾਬ ਵਿੱਚ ਭਾਜਪਾ ਦਾ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਮੈਂ ਖੁਦ ਸਦਨ ਵਿੱਚ ਇਹ ਗੱਲ ਕਈ ਵਾਰ ਕਹਿ ਚੁੱਕਾ ਹਾਂ ਕਿ ਕੈਪਟਨ ਸਾਹਬ ਭਾਜਪਾ ਦੇ ਆਗੂ ਵਾਂਗ ਕੰਮ ਕਰਦੇ ਹਨ। ਤੁਸੀਂ ਪੰਜਾਬ ਵਿੱਚ ਮੋਦੀ ਸਾਹਿਬ ਦੇ ਭਗਤ ਅਤੇ ਉਨ੍ਹਾਂ ਦੇ ਏਜੰਟ ਵਜੋਂ ਕੰਮ ਕਰ ਰਹੇ ਹੋ। ਹੁਣ ਇਹ ਗੱਲ ਵੀ ਲੋਕਾਂ ਦੇ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਕੋਈ ਜਾਣਦਾ ਹੈ ਕਿ ਕੈਪਟਨ ਸਾਹਿਬ ਪਹਿਲਾਂ ਵੀ ਭਾਜਪਾ ਲਈ ਕੰਮ ਕਰਦੇ ਸਨ। ਚੀਮਾ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਭਾਵੇਂ ਕੈਪਟਨ ਅਮਰਿੰਦਰ ਸਿੰਘ, ਭਾਜਪਾ ਜਾਂ ਅਕਾਲੀ ਦਲ ਇਨ੍ਹਾਂ ਨੂੰ ਅਜਿਹਾ ਸਬਕ ਸਿਖਾਉਣਗੇ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਬੂਥ ਵੀ ਨਹੀਂ ਲੱਗਣਗੇ। ਲੋਕ ਇਨ੍ਹਾਂ ਸਾਰਿਆਂ ਨੂੰ ਪਿੰਡ ਵਿਚ ਵੜਨ ਵੀ ਨਹੀਂ ਦੇਣਗੇ।
ਸਵਾਲ - ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸਨ ਜਿਸ ਕਾਰਨ ਉਨ੍ਹਾਂ ਨੂੰ ਪੰਜਾਬ ਦੇ ਭਲੇ ਲਈ ਕੇਂਦਰ ਸਰਕਾਰ ਨਾਲ ਮੀਟਿੰਗਾਂ ਕਰਨੀਆਂ ਪਈਆਂ ਅਤੇ ਇਸ ਤਰ੍ਹਾਂ ਅਜਿਹੇ ਇਲਜ਼ਾਮ ਲਗਾਉਣਾ ਗਲਤ ਹੈ।
ਜਵਾਬ - ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਜਦੋਂ ਦਿੱਲੀ ਤੋਂ ਵਾਪਸ ਸੂਬੇ 'ਚ ਆਉਂਦੇ ਸਨ ਤਾਂ ਕੀ ਕਹਿੰਦੇ ਸਨ ? ਉਹ ਕਹਿੰਦੇ ਸਨ ਕਿ ਪੰਜਾਬ ਦੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਸੂਬੇ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ। ਕਿਸਾਨਾਂ ਦੇ ਧਰਨੇ ਤੋਂ ਪੰਜਾਬ ਦੀ ਸੁਰੱਖਿਆ ਨੂੰ ਕਿਵੇਂ ਖਤਰਾ ਹੋ ਸਕਦਾ ਹੈ ? ਇਹੀ ਤਾਂ ਭਾਜਪਾ ਕਹਿੰਦੀ ਸੀ। ਇਹੀ ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸਨ। ਪਰ ਕਿਸਾਨ ਬਹੁਤ ਸਮਝਦਾਰ ਹੈ। ਚੀਮਾ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ 700 ਤੋਂ ਵੱਧ ਕਿਸਾਨ ਮਰ ਚੁੱਕੇ ਹਨ। ਕਿਸਾਨਾਂ ਦੀਆਂ ਇਨ੍ਹਾਂ ਕੁਰਬਾਨੀਆਂ ਕਾਰਨ ਜਨਤਾ ਇਨ੍ਹਾਂ ਨੂੰ ਪਿੰਡ 'ਚ ਵੜਨ ਨਹੀਂ ਦੇਵੇਗੀ।
ਸਵਾਲ - ਕੀ ਆਉਣ ਵਾਲੇ ਦਿਨਾਂ ਵਿੱਚ ਕੋਈ ਕਿਸਾਨ ਆਗੂ ਵੀ ਤੁਹਾਡੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ?
ਜਵਾਬ- ਹੁਣ ਤੱਕ ਇਸ ਬਾਰੇ ਕੋਈ ਗੱਲ ਨਹੀਂ ਹੋਈ। ਅਜੇ ਤੱਕ ਕਿਸੇ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ ਅਤੇ ਅਧਿਕਾਰਤ ਤੌਰ 'ਤੇ ਇਸ ਬਾਰੇ ਕਿਸੇ ਨਾਲ ਗੱਲਬਾਤ ਵੀ ਨਹੀਂ ਹੋਈ ਹੈ। ਦੇਖਦੇ ਹਾਂ ਕਿ ਕੌਣ ਆਉਂਦਾ ਹੈ ਅਤੇ ਇਸ ਨਾਲ ਕੀ ਹੁੰਦਾ ਹੈ।
ਇਹ ਵੀ ਪੜ੍ਹੋ: Punjab Assembly Elections 2022: ਕੈਪਟਨ ਨਾਲ ਮਿਲ ਕੇ ਬੀਜੇਪੀ ਲੜੇਗੀ ਚੋਣ- ਗਜੇਂਦਰ ਸ਼ੇਖਾਵਤ