ਚੰਡੀਗੜ੍ਹ: ਮੈਕਸ ਹੈਲਥ ਕੇਅਰ ਗਰੁੱਪ ਦੀ ਬੇਨਤੀ ਨੂੰ ਸਵਿਕਾਰਦਿਆਂ, ਪੰਜਾਬ ਮੰਤਰੀ ਮੰਡਲ ਵੱਲੋਂ ਸਿਹਤ ਵਿਭਾਗ ਦੀ 0.92 ਏਕੜ ਜ਼ਮੀਨ 200 ਬੈੱਡਾਂ ਦੀ ਸਮਰੱਥਾ ਵਾਲੇ ਮੈਕਸ ਹਸਪਤਾਲ, ਮੋਹਾਲੀ ਨੂੰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਜੋ ਇਸ ਹਸਪਤਾਲ ਦੀ ਸਮਰੱਥਾ ਵਿੱਚ 100 ਹੋਰ ਬੈੱਡ ਸ਼ਾਮਲ ਕੀਤੇ ਜਾ ਸਕਣ, ਜਿਸ ਨਾਲ ਖਿੱਤੇ ਵਿੱਚ ਸਿਹਤ ਸਹੂਲਤਾਂ ਵਿੱਚ ਵਾਧਾ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਵੱਲੋਂ ਇਹ ਫੈਸਲਾ ਵਿੱਤ ਵਿਭਾਗ ਦੀਆਂ ਕੁਝ ਸ਼ਰਤਾਂ ਅਧੀਨ ਲਿਆ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਹਸਪਤਾਲ, ਮੁਹਾਲੀ ਦੀ ਉਕਤ ਜ਼ਮੀਨ ਨੂੰ ਟਰਾਂਸਫਰ ਕਰਨ ਲਈ ਮੈਕਸ ਹੈਲਥ ਕੇਅਰ ਨਾਲ ਰਿਆਇਤੀ ਸਮਝੌਤਾ ਕੀਤਾ ਗਿਆ ਹੈ।
ਇਸ ਜ਼ਮੀਨ ਦੀ 389.57 ਲੱਖ ਰੁਪਏ ਫੀਸ ਦੇ ਨਾਲ, ਸਰਕਾਰ ਨੂੰ ਕੁੱਲ ਮਾਲੀਆ ਦਾ 5 ਫੀਸਦੀ ਵਾਧੂ ਮਾਲੀਆ ਹਾਸਲ ਹੋਵੇਗਾ ਜੋ ਮੈਕਸ ਵੱਲੋਂ 100 ਬੈਡ ਸ਼ਾਮਲ ਕਰਨ ਨਾਲ ਹਾਸਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਸਮੇਂ ਪਿਛਲੇ 10 ਮਹੀਨਿਆਂ ਦੌਰਾਨ, ਸਿਹਤ ਸੰਭਾਲ ਸਹੂਲਤਾਂ ਅਤੇ ਕੋਵਿਡ-19 ਮਰੀਜ਼ਾਂ ਦੇ ਪ੍ਰਬੰਧਨ ਅਤੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦੀ ਭਾਗੀਦਾਰੀ ਵੱਡੀ ਪੱਧਰ 'ਤੇ ਸਾਹਮਣੇ ਆਈ ਹੈ।