ਚੰਡੀਗੜ੍ਹ: ਔਰਤਾਂ ਨੂੰ ਵੱਧ ਅਖ਼ਤਿਆਰ ਦੇਣ ਵੱਲ ਵੱਡਾ ਕਦਮ ਪੁੱਟਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਅਰੁਨਾ ਚੌਧਰੀ ਨੇ ਬੁੱਧਵਾਰ 362 ਆਂਗਨਵਾੜੀ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਨ੍ਹਾਂ ਵਿੱਚੋਂ ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਭਰਤੀ ਹੋਈਆਂ 80 ਆਂਗਨਵਾੜੀ ਸੁਪਰਵਾਈਜ਼ਰਾਂ ਨੂੰ ਪੰਜਾਬ ਭਵਨ ਵਿਖੇ ਨਿਯੁਕਤੀ ਪੱਤਰ ਦਿੱਤੇ ਗਏ, ਜਦਕਿ ਆਂਗਨਵਾੜੀ ਵਰਕਰਾਂ ਦੀ ਆਸਾਮੀ ਤੋਂ ਤਰੱਕੀ ਪ੍ਰਾਪਤ 282 ਆਂਗਨਵਾੜੀ ਸੁਪਰਵਾਈਜ਼ਰਾਂ ਨੂੰ ਸਬੰਧਤ ਜ਼ਿਲ੍ਹਿਆਂ ਵਿੱਚ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਤਾਂ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਚੱਲ ਰਹੇ ਵਿਭਾਗੀ ਕੰਮਕਾਜ ਪ੍ਰਭਾਵਤ ਨਾ ਹੋਣ।
ਅਰੁਨਾ ਚੌਧਰੀ ਨੇ ਕਿਹਾ ਕਿ ਨਵੀਂ ਭਰਤੀ ਹੋਈਆਂ ਅਤੇ ਤਰੱਕੀ ਪ੍ਰਾਪਤ ਆਂਗਨਵਾੜੀ ਸੁਪਰਵਾਈਜ਼ਰਾਂ ਨਾਲ ਵਿਭਾਗ ਨੂੰ ਮਜ਼ਬੂਤੀ ਤਾਂ ਮਿਲੇਗੀ ਹੀ, ਨਾਲ ਹੀ ਸੂਬੇ ਦੀ ਨਵੀਂ ਪੀੜ੍ਹੀ ਨੂੰ ਪੌਸ਼ਟਿਕ ਖ਼ੁਰਾਕ ਤੇ ਸਿਹਤਮੰਦ ਵਾਤਾਵਰਣ ਦੇਣ ਵਿੱਚ ਮਦਦ ਤੋਂ ਇਲਾਵਾ ਸੂਬੇ ਵਿੱਚ ਹਰ ਵਰਗ ਦੇ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਸਮਾਂਬਧ ਜਾਣਕਾਰੀ ਦੇਣ ਵਿੱਚ ਵੀ ਇਹ ਸੁਪਰਵਾਈਜ਼ਰ ਮਹਿਲਾਵਾਂ ਅਹਿਮ ਯੋਗਦਾਨ ਪਾਉਣਗੀਆਂ।
ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਇਹ ਸਿੱਧੀ ਭਰਤੀ ਅਤੇ ਤਰੱਕੀਆਂ ਰਾਹੀਂ ਖ਼ਾਲੀ ਆਸਾਮੀਆਂ ਮੁੱਖ ਮੰਤਰੀ ਪੰਜਾਬ ਦੇ ਟੀਚੇ ਨੂੰ ਸ਼ੁਰੂ ਕਰਨ ਵੱਲ ਕਦਮ ਪੁੱਟਦਿਆਂ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਹਾਲ ਹੀ ਵਿੱਚ ਆਂਗਨਵਾੜੀ ਸੁਪਰਵਾਈਜ਼ਰਾਂ ਦੀਆਂ ਆਸਾਮੀਆਂ 'ਤੇ 282 ਆਂਗਨਵਾੜੀ ਵਰਕਰਾਂ ਨੂੰ ਤਰੱਕੀ ਦਿੱਤੀ ਹੈ ਅਤੇ 80 ਆਂਗਨਵਾੜੀ ਸੁਪਰਵਾਈਜ਼ਰਾਂ ਨੂੰ ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਵਿਭਾਗ ਵਿੱਚ ਨਿਯੁਕਤ ਕੀਤਾ ਗਿਆ ਹੈ।
ਸ੍ਰੀਮਤੀ ਅਰੁਨਾ ਚੌਧਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਿੱਚ ਵੱਖ-ਵੱਖ ਖ਼ਾਲੀ ਆਸਾਮੀਆਂ ਜਲਦੀ ਭਰੀਆਂ ਜਾਣਗੀਆਂ ਅਤੇ ਇਸ ਸਬੰਧੀ ਇਸ਼ਤਿਹਾਰ ਛੇਤੀ ਜਾਰੀ ਕੀਤੇ ਜਾਣਗੇ।