ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਸਰਕਾਰ ਨੂੰ ਦੋ ਸਾਲ ਲਈ ਕਾਨੂੰਨ ਰੱਦ ਕਰਨ ਦੀ ਸਲਾਹ ਦੇਣ ਦੇ ਮਾਮਲੇ ਵਿੱਚ ਵਿਰੋਧੀ ਧਿਰਾਂ ਜਿੱਥੇ ਕਾਂਗਰਸ ਨੂੰ ਘੇਰ ਰਹੀਆਂ ਹਨ, ਉੱਥੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਹਰੀਸ਼ ਰਾਵਤ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨ ਅਤੇ ਦੇਸ਼ ਦੇ ਖੇਤੀਬਾੜੀ ਖਿੱਤੇ ਲਈ ਖ਼ਤਰਨਾਕ ਹਨ ਤੇ ਕੈਪਟਨ ਅਮਰਿੰਦਰ ਸਿੰਘ ਪਹਿਲੇ ਦਿਨ ਤੋਂ ਇਸ ਦਾ ਵਿਰੋਧ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਇਸ ਬਿਆਨ ਨੂੰ ਸਿਆਸਤ ਵਿੱਚ ਗਲਤ ਤਰੀਕੇ ਨਾਲ ਨਾ ਦੇਖਿਆ ਜਾਵੇ। ਭਾਜਪਾ ਦੀ ਕੇਂਦਰ ਸਰਕਾਰ ਘੁਮੰਡ ਵਿੱਚ ਆ ਚੁੱਕੀ ਹੈ ਜਿਸ ਕਾਰਨ ਉਹ ਖੇਤੀ ਕਾਨੂੰਨ ਵਾਪਸ ਨਹੀਂ ਲੈ ਰਹੀ।
ਲੰਬੇ ਸਮੇਂ ਤੋਂ ਚੁੱਪ ਬੈਠੇ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਹਰੀਸ਼ ਰਾਵਤ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਪੰਜਾਬ ਦੀਆਂ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਪੂਰੀਆਂ ਹੋ ਚੁੱਕੀਆਂ ਹਨ ਤੇ ਹੁਣ ਉਹ ਨਵਜੋਤ ਸਿੰਘ ਸਿੱਧੂ ਨੂੰ ਕਿਤੇ ਐਡਜਸਟ ਕਰਨ ਵੱਲ ਧਿਆਨ ਦੇਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਵੀ ਗੱਲਬਾਤ ਦਾ ਦੌਰ ਜਾਰੀ ਹੈ।
ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਪੰਜਾਬ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਜਾਂ ਮੁੜ ਕੈਬਿਨੇਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਇਹ ਪੁੱਛਣ ਉਤੇ ਹਰੀਸ਼ ਰਾਵਤ ਨੇ ਕਿਹਾ ਕਿ ਜਿੰਨਾ ਸਮਾਂ ਮੰਥਨ ਨੂੰ ਲੱਗਦਾ ਹੈ ਉਨ੍ਹਾਂ ਹੀ ਸਬਰ ਦਾ ਫ਼ਲ ਮਿੱਠਾ ਹੋਵੇਗਾ ਲੇਕਿਨ ਪੰਜਾਬ ਵਿੱਚ ਕੈਪਟਨ ਹੀ ਹਮੇਸ਼ਾ ਕੈਪਟਨ ਰਹਿਣਗੇ।
ਇਹ ਵੀ ਪੜ੍ਹੋ: ਬਰਨਾਲਾ ਦੀ ਮਹਾਂਰੈਲੀ ਕਿਸਾਨੀ ਘੋਲ ਵਿੱਚ ਪਾਵੇਗੀ ਵੱਡੀ ਜਾਨ: ਜੋਗਿੰਦਰ ਉਗਰਾਹਾਂ