ਚੰਡੀਗੜ੍ਹ: ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ 'ਤੇ ਹੋਏ ਹਮਲੇ ਤੋਂ ਬਾਅਦ ਸਿਆਸੀ ਆਗੂਆਂ ਵੱਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਇਸ ਹਾਦਸੇ ਨੂੰ ਨਿੰਦਣਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਸਮਾਜ 'ਚ ਇਸ ਤਰ੍ਹਾਂ ਦੀ ਘਟਨਾਵਾਂ ਜਾਇਜ਼ ਨਹੀਂ ਹੈ। ਅਰੋੜਾ ਨੇ ਕਿਹਾ ਕਿ ਇਸ ਤੋਂ ਪਹਿਲਾ ਵੀ ਕਈ ਬਾਰ ਹਿੰਦੂ ਆਗੂਆਂ 'ਤੇ ਹਮਲੇ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਘਟਨਾ 'ਤੇ ਇੱਕ ਬਾਰ ਨਜ਼ਰ ਮਾਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਹਮੇਸ਼ਾ ਕਹਿੰਦੇ ਹਨ ਕਿ ਪੰਜਾਬ 'ਚ ਲਾਅ ਐਂਡ ਆਰਡਰ 'ਚ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾੜੇ ਅਨਸਰਾਂ 'ਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਜਦੋਂ ਤੱਕ ਉਨ੍ਹਾਂ ਨੂੰ ਡਰ ਨਹੀਂ ਹੋਵੇਗਾ ਉਸ ਵੇਲੇ ਤੱਕ ਸਰਕਾਰ ਜਾਂ ਲਾਅ ਐਂਡ ਆਰਡਰ ਫ਼ੇਲ ਹਨ। ਅਮਨ ਅਰੋੜਾ ਨੇ ਦੋਸ਼ੀਆਂ ਨੂੰ ਜਲਦ ਫੜ੍ਹੇ ਜਾਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਦੇ ਰਾਸ਼ਟਰ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ 'ਤੇ ਸੋਮਵਾਰ ਸਵੇਰੇ 2 ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ ਵਿੱਚ ਕਸ਼ਮੀਰ ਗਿਰੀ ਵਾਲ-ਵਾਲ ਬਚ ਗਏ। ਕਸ਼ਮੀਰ ਗਿਰੀ ਨਾਲ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਉਹ ਸੋਮਵਾਰ ਨੂੰ ਆਪਣੇ ਘਰ ਤੋਂ ਮੰਦਿਰ ਲਈ ਨਿਕਲੇ ਸੀ। ਇਸ ਦੌਰਾਨ 2 ਮੋਟਰ ਸਾਇਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।