ਚੰਡੀਗੜ੍ਹ: ਸੋਮਵਾਰ ਅੱਠ ਜੂਨ ਤੋਂ ਦੇਸ਼ ਵਿੱਚ ਧਾਰਮਿਕ ਸਥਾਨ ਖੋਲ੍ਹੇ ਜਾਣਗੇ। ਸਾਰੇ ਧਾਰਮਿਕ ਸਥਾਨਾਂ ਵਿੱਚ ਕੇਂਦਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਨੀ ਹੋਵੇਗੀ, ਜਿਸ ਵਿੱਚ ਸੰਗਤਾਂ ਲਈ ਸੈਨੇਟਾਈਜ਼ਰ ਰੱਖਣਾ ਲਾਜ਼ਮੀ ਹੈ। ਇਸੇ ਤਹਿਤ ਗੌਰੀ ਸ਼ੰਕਰ ਸੇਵਾ ਦਲ ਦੇ ਪ੍ਰਧਾਨ ਰਾਕੇਸ਼ ਕੁਮਾਰ ਸ਼ਰਮਾ ਵੱਲੋਂ ਅਲਕੋਹਲ ਮੁਕਤ ਸੈਨੇਟਾਈਜ਼ਰ ਤਿਆਰ ਕੀਤਾ ਜਾ ਰਿਹਾ ਹੈ।
ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦੀ ਪ੍ਰੇਰਣਾ ਯੋਗ ਗੁਰੂ ਬਾਬਾ ਰਾਮਦੇਵ ਦੇ ਇੱਕ ਪ੍ਰੋਗਰਾਮ ਤੋਂ ਮਿਲੀ ਸੀ। ਉਨ੍ਹਾਂ ਕਿਹਾ ਕਿ ਬਾਬਾ ਰਾਮਦੇਵ ਵੱਲੋਂ ਦੱਸੀ ਸਮਗਰੀ ਮੁਤਾਬਕ ਉਹ ਇਹ ਦੇਸੀ ਸੈਨੇਟਾਈਜ਼ਰ ਤਿਆਰ ਕਰ ਰਹੇ ਹਨ, ਜਿਸ ਦਾ ਕੋਈ ਵੀ ਨੁਕਸਾਨ ਨਹੀਂ।
ਫਿਲਹਾਲ ਉਨ੍ਹਾਂ ਵੱਲੋਂ ਇਹ ਘੱਟ ਮਾਤਰਾ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਕਿਹਾ ਕਿ ਧਾਰਮਿਕ ਸੰਸਥਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਤੋਂ ਬਾਅਦ ਉਹ ਇਸ ਨੂੰ ਵੱਡੀ ਮਾਤਰਾ ਵਿੱਚ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਤਿਆਰ ਹੋਣ ਮਗਰੋਂ ਇਸ ਨੂੰ ਰੋਜ਼ਾਨਾ ਵੱਖ-ਵੱਖ ਮੰਦਿਰਾਂ ਵਿੱਚ ਭੇਜਿਆ ਜਾਵੇਗਾ।