ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਤਾਲਾਬੰਦੀ ਦੌਰਾਨ ਉਦਯੋਗਾਂ ਅਤੇ ਵਪਾਰੀਆਂ ਨੂੰ ਭੇਜੇ ਗਏ ਬਿਜਲੀ ਬਿੱਲਾਂ ਦਾ ਵਿਰੋਧ ਕੀਤਾ ਹੈ। ਇਸੇ ਨਾਲ ਹੀ ਦਲ ਨੇ ਇਨ੍ਹਾਂ ਬਿਜਲੀ ਬਿੱਲਾਂ ਨੂੰ ਵਾਪਸ ਲੈਣ ਦੀ ਵੀ ਮੰਗ ਕੀਤੀ ਹੈ। ਦਲ ਨੇ ਕਿਹਾ ਕਿ ਉਹ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਨਾਲ ਲੈ ਕੇ ਪੰਜਾਬ ਰਾਜ ਬਿਜਲੀ ਨਿਮਗ ਲਿਮਟਿਡ (ਪਾਵਰਕਕਾਮ) ਦੇ ਦਫ਼ਤਰਾਂ ਅੱਗੇ ਰੋਸ ਵਿਖਾਵੇ ਕਰੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਤੇ ਪਾਰਟੀ ਦੇ ਬੁਲਾਰੇ ਨਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਰਾਜ ਸਰਕਾਰ ਦੀਆਂ ਹਦਾਇਤਾਂ ’ਤੇ ਪਾਵਰਕਾਮ ਨੇ ਤਲਤਬੰਦੀ ਦੇ ਤਿੰਨ ਮਹੀਨਿਆਂ ਦੇ ਅਰਸੇ ਦੇ ਬਿਜਲੀ ਬਿੱਲ ਔਸਤ ਦੇ ਆਧਾਰ ’ਤੇ ਭੇਜ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਸ ਮੁਜ਼ਾਹਰਿਆਂ ਦੀ ਤਾਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਤਿੰਨ ਮਹੀਨਿਆਂ ਦੌਰਾਨ ਵਪਾਰ ਬੰਦ ਰਹੇ ਤੇ ਇਨ੍ਹਾਂ ਨੇ ਇੱਕ ਧੇਲਾ ਵੀ ਨਹੀਂ ਕਮਾਇਆ ਪਰ ਪਾਵਰਕਾਮ ਨੇ ਮਨੁੱਖੀ ਕਦਰਾਂ ਕੀਮਤਾਂ ਨੂੰ ਵੀ ਛਿੱਕੇ ਟੰਗ ਕੇ ਇਨ੍ਹਾਂ ਨੂੰ ਵੱਡੀਆਂ ਰਕਮਾਂ ਵਾਲੇ ਬਿਜਲੀ ਬਿੱਲ ਭੇਜ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਇਹ ਬਿਜਲੀ ਬਿੱਲ ਤੁਰੰਤ ਵਾਪਸ ਲਏ ਜਾਣ ਅਤੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਆਪਣੇ ਭਵਿੱਖੀ ਬਿੱਲ ਵੀ ਛੇ ਮਹੀਨੇ ਲਈ ਕਿਸ਼ਤਾਂ ਵਿੱਚ ਅਦਾ ਕਰਨ ਦੀ ਪ੍ਰਵਾਨਗੀ ਦੇਣ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਅਰਸੇ ਦੌਰਾਨ ਬਿੱਲਾਂ ਦੀ ਅਦਾਇਗੀ ’ਤੇ ਕੋਈ ਵਿਆਜ਼ ਨਹੀਂ ਲਾਇਆ ਜਾਣਾ ਚਾਹੀਦਾ।
ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਵਪਾਰੀਆਂ ਤੇ ਉਦਯੋਗਪਤੀਆਂ ਲੂੰ ਵਿੱਤੀ ਪੈਕੇਜ ਨਾਲ ਰਾਹਤ ਦੇਣ ਦੀ ਥਾਂ ਮੋਟੇ ਬਿਜਲੀ ਬਿੱਲ ਭੇਜ ਕੇ ਉਨ੍ਹਾਂ ਦਾ ਗਲਾ ਘੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਬਿਜਲੀ ਬਿੱਲ ਹੀ ਨਹੀਂ ਬਲਕਿ ਇਨ੍ਹਾਂ ਦੇ ਲੌਕਡਾਊਨ ਸਮੇਂ ਦੇ ਪ੍ਰਾਪਰਟੀ ਟੈਕਸ, ਪਾਣੀ ਤੇ ਸੀਵਰੇਜ ਬਿੱਲ ਵੀ ਮੁਆਫ ਹੋਣੇ ਚਾਹੀਦੇ ਹਨ।
ਸ਼ਰਮਾ ਨੇ ਕਿਹਾ ਕਿ ਇਸ ਵੇਲੇ ਮਜ਼ਦੂਰਾਂ ਦੇ ਪਲਾਇਨ ਕਰ ਜਾਣ ਨਾਲ ਲੁਧਿਆਣਾ ਤੇ ਸੂਬੇ ਦੇ ਬਹੁਤੇ ਭਾਗਾਂ ਵਿਚ ਇੰਡਸਟਰੀ ਬੰਦ ਪਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਯੂਪੀ ਤੇ ਬਿਹਾਰ ਤੋਂ ਮਜ਼ਦੂਰਾਂ ਨੂੰ ਵਾਪਸ ਲਿਆਉਣ ਦਾ ਹੈ ਕਿਉਂਕਿ ਇਹਨਾਂ ਵਿੱਚੋਂ ਬਹੁਤੇ ਵਾਪਸ ਪਰਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਚੁੱਕਣਗੇ ਤਾਂ ਕਿ ਇਨ੍ਹਾਂ ਨੂੰ ਵਾਪਸ ਲਿਆਉਣ ਲਈ ਰੇਲ ਗੱਡੀਆਂ ਜਾਂ ਬੱਸਾਂ ਦਾ ਪ੍ਰਬੰਧ ਕੀਤਾ ਜਾ ਸਕੇ।