ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੇਸ਼ਕਸ਼ ਕੀਤੀ ਕਿ ਉਹ ਕਿਸਾਨ ਜਥੇਬੰਦੀਆਂ ਦੇ ਵਫ਼ਦ ਦੀ ਅਗਵਾਈ ਕਰਦਿਆਂ ਖੇਤੀਬਾੜੀ ਮੰਤਰੀ ਐਨ ਐਸ ਤੋਮਰ ਕੋਲ ਜਾਣ ਲਈ ਤਿਆਰ ਹਨ ਤਾਂ ਕਿ ਉਨ੍ਹਾਂ ਤੋਂ ਫਾਰਮਿੰਗ ਪ੍ਰੋਡਿਊਸ ਟਰੇਡ ਐਂਡ ਕਾਮਰਸ ਆਰਡੀਨੈਂਸ 2020 ਬਾਰੇ ਸਪਸ਼ਟੀਕਰਨ ਲਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਖੜ੍ਹਾ ਹੈ ਤੇ ਕਦੇ ਵੀ ਜਿਣਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੇ ਯਕੀਨੀ ਮੰਡੀਕਰਣ ਖ਼ਤਮ ਨਹੀਂ ਹੋਣ ਦੇਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਡੇ ਲਈ ਕਿਸਾਨਾਂ ਦੀ ਭਲਾਈ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਵਾਸਤੇ ਡਟਿਆ ਹੈ। ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਣ ਸੰਕਟ ਨਾਲ ਜੂਝ ਰਹੀ ਸਾਡੀ ਕਿਸਾਨੀ ਵਾਸਤੇ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ।
ਉਨ੍ਹਾਂ ਕਿਹਾ, "ਅਸੀਂ ਇਸ ਮਾਮਲੇ ਵਿਚ ਲੋੜ ਪੈਣ 'ਤੇ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੇਂਦਰ ਸਰਕਾਰ ਦੇ ਭਰੋਸੇ ਅਨੁਸਾਰ ਇਹ ਜਾਰੀ ਰਹਿਣ। ਮੈਂ ਇਹ ਵੀ ਭਰੋਸਾ ਦੁਆਉਂਦਾ ਹਾਂ ਕਿ ਅਸੀਂ ਸੰਸਦ ਵਿਚ ਘੱਟੋ ਘੱਟ ਸਮਰਥਨ ਮੁੱਲ ਤੇ ਯਕੀਨੀ ਮੰਡੀਕਰਣ ਬਿਨਾਂ ਰੁਕਾਵਟ ਦੇ ਜਾਰੀ ਰਹਿਣ ਦਾ ਭਰੋਸਾ ਵੀ ਲੈ ਕੇ ਦਿਆਂਗੇ।"
ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ 'ਤੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ 2017 ਵਿਚ ਕੀਤੀ ਗਈ ਸੋਧ ਦੌਰਾਨ ਉਹ ਸਾਰੀਆਂ ਮੱਦਾਂ ਇਸ ਵਿਚ ਸ਼ਾਮਲ ਕੀਤੀਆਂ ਗਈਆਂ, ਜਿਸਦਾ ਇਹ ਹੁਣ ਵਿਰੋਧ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਏ ਪੀ ਐਮ ਸੀ ਐਕਟ ਵਿਚ ਸੋਧ ਕਰ ਕੇ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ, ਸਿੱਧਾ ਮੰਡੀਕਰਣ, ਇਲੈਕਟ੍ਰਾਨਿਕ ਖੇਤੀਬਾੜੀ ਮੰਡੀਕਰਣ ਤੇ ਸਾਰੇ ਸੂਬੇ ਵਾਸਤੇ ਇਕ ਹੀ ਲਾਇਸੰਸ ਦੀ ਵਿਵਸਥਾ 2017 ਵਿਚ ਲਾਗੂ ਕਿਉਂ ਕੀਤੀ ।
ਉਨ੍ਹਾਂ ਕਿਹਾ ਕਿ ਸਿਰਫ ਇਹੀ ਨਹੀਂ ਬਲਕਿ ਕਾਂਗਰਸ ਸਰਕਾਰ ਨੇ ਖੇਤੀਬਾੜੀ ਆਰਡੀਨੈਂਸ ਤਿਆਰ ਕਰਨ ਦੀ ਪ੍ਰਕਿਰਿਆ ਵਿਚ ਵੀ ਸ਼ਮੂਲੀਅਤ ਕੀਤੀ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹ ਸਭ ਕੁਝ ਕਰ ਕੇ ਕਿਸਾਨਾਂ ਨੂੰ ਧੋਖਾ ਦੇਣ ਦਾ ਯਤਨ ਕਰਨ ਦੇ ਬਾਵਜੂਦ ਹੁਣ ਉਹ ਅਜਿਹਾ ਸ਼ਰਾਰਤ ਭਰਿਆ ਪ੍ਰਾਪੇਗੰਡਾ ਕਰ ਰਹੇ ਹਨ ਜਿਸਦਾ ਇਕਲੌਤਾ ਮਕਸਦ ਕਾਂਗਰਸ ਸਰਕਾਰ ਦੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਕਿ ਉਹ ਖੇਤੀਬਾੜੀ ਆਰਡੀਨੈਂਸ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਨਾ ਬੰਦ ਕਰਨ।