ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਤਕਰੀਬਨ ਅੱਠ ਘੰਟੇ ਚੱਲੀ ਬੈਠਕ ਵਿੱਚ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਸਸਪੈਂਡ ਕੀਤਾ ਗਿਆ। ਦੂਜੇ ਪਾਸੇ ਐਤਵਾਰ ਨੂੰ ਦਿੱਲੀ ਵਿਖੇ ਕੋਰ ਕਮੇਟੀ ਦਾ ਇੱਕ ਵਫ਼ਦ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਜਾ ਰਹੇ 400ਵੇਂ ਪ੍ਰਕਾਸ਼ ਪੁਰਬ ਨੂੰ ਕੌਮੀ ਪੱਧਰ 'ਤੇ ਮਨਾਉਣ ਦੀ ਗੱਲਬਾਤ ਕਰਨਗੇ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਸ਼ਾਹ ਨਾਲ ਮਿਲ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਮੁਆਫੀ ਲਈ ਪੈਰਵੀ ਕਰੇਗਾ ਤੇ ਨਾਲ ਹੀ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਏ ਹਮਲੇ 'ਤੇ ਇੱਕ ਸਿੱਖ ਨੌਜਵਾਨ ਦੇ ਕਤਲ ਬਾਰੇ ਗੱਲ ਕਰਨਗੇ। ਇਸ ਬਾਰੇ ਸਾਰੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਦਿੱਤੀ ਹੈ।
ਦਲਜੀਤ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰ 'ਤੇ ਧਰਨੇ ਦੇ ਰਿਹਾ ਅਕਾਲੀ ਦਲ 28 ਜਨਵਰੀ ਤੋਂ ਫਰੀਦਕੋਟ ਤੋਂ ਵਿਸ਼ਾਲ ਧਰਨੇ ਸ਼ੁਰੂ ਕਰੇਗਾ। ਇਸ ਤੋਂ ਬਾਅਦ 2 ਫਰਵਰੀ ਨੂੰ ਸੰਗਰੂਰ ਅਤੇ 16 ਫਰਵਰੀ ਨੂੰ ਬਠਿੰਡਾ ਵਿਖੇ ਅਕਾਲੀ ਦਲ ਵੱਲੋਂ ਸਰਕਾਰ ਵਿਰੁੱਧ ਧਰਨੇ ਦਿੱਤੇ ਜਾਣਗੇ।