ਨਵੀਂ ਦਿੱਲੀ: ਖੇਤੀ ਆਰਡੀਨੈਂਸਾਂ ਦਾ ਵਿਰੋਧ ਪੰਜਾਬ ਭਰ ਵਿੱਚ ਹੋ ਰਿਹਾ ਹੈ। ਹੁਣ ਤੱਕ ਇਨ੍ਹਾਂ ਆਰਡੀਨੈਂਸਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਰਮ ਸੁਰ ਰੱਖ ਰਿਹਾ ਸੀ। ਅਕਾਲੀ ਦਲ ਦਾ ਪੂਰਾ ਜ਼ੋਰ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨ ਤੇ ਪੰਜਾਬ ਪੱਖੀ ਦੱਸਣ 'ਤੇ ਲੱਗਾ ਰਿਹਾ ਹੈ। ਬੀਤੇ ਦਿਨੀਂ ਹੋਈ ਦਲ ਦੀ ਕੋਰ ਕਮੇਟੀ ਵਿੱਚ ਅਕਾਲੀ ਦਲ ਨੇ ਇਸ 'ਤੇ ਆਪਣੇ ਰੁਖ 'ਚ ਤਬਦੀਲੀ ਦੇ ਸੰਕੇਤ ਦਿੱਤੇ ਸਨ। 15 ਸਤੰਬਰ ਇਨ੍ਹਾਂ ਆਰਡੀਨੈਂਸਾਂ ਵਿੱਚੋਂ ਇੱਕ ਜ਼ਰੂਰੀ ਵਸਤਾਂ ਸੋਧ ਬਿੱਲ-2020 'ਤੇ ਲੋਕ ਸਭਾ 'ਚ ਹੋਈ ਬਹਿਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਤਿੱਖ ਵਿਰੋਧ ਕੀਤਾ।
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ਰੂਰੀ ਵਸਤਾਂ (ਸੋਧ) ਬਿੱਲ 2020 ਦਾ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਕਿਸਾਨਾਂ ਦੀ ਪਾਰਟੀ ਹੋਣ ਦੇ ਨਾਅਤੇ ਉਹ ਅਜਿਹੀ ਕਿਸੇ ਵੀ ਚੀਜ਼ ਦੀ ਹਮਾਇਤ ਨਹੀਂ ਕਰ ਸਕਦੀ ਜੋ ਦੇਸ਼ ਖਾਸ ਤੌਰ 'ਤੇ ਪੰਜਾਬ ਦੇ ਅੰਨਦਾਤਾ ਦੇ ਹਿੱਤਾਂ ਦੇ ਖ਼ਿਲਾਫ਼ ਹੋਵੇ।
ਬਾਦਲ ਨੇ ਲੋਕ ਸਭਾ ਵਿੱਚ ਜ਼ੋਰਦਾਰ ਤਕਰੀਰ 'ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦਾ ਹੀ ਸੰਗਠਨ ਹੈ। ਹਰ ਅਕਾਲੀ ਇੱਕ ਕਿਸਾਨ ਹੈ ਤੇ ਹਰ ਕਿਸਾਨ ਦਿਲੋਂ ਇਕ ਅਕਾਲੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਕਿਸਾਨਾਂ ਵਾਸਤੇ ਲੜਾਈ ਲੜੀ ਹੈ ਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਸਰਵਉਚ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਿਰਾਸਤ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਭਾਵੇਂ ਸਾਨੂੰ ਕੋਈ ਵੀ ਕੀਮਤ ਅਦਾ ਕਰਨੀ ਪਵੇ।
ਬਾਦਲ ਨੇ 10 ਮਿੰਟ ਦੀ ਤਿੱਖੀ ਤਕਰੀਰ 'ਚ ਕਿਹਾ ਕਿ ਸਰਕਾਰ ਨੇ ਕਿਸਾਨਾਂ ਤੇ ਉਨ੍ਹਾਂ ਦੀਆਂ ਜਥੇਬੰਦੀਆਂ ਨੂੰ ਨਾਲ ਨਾ ਲੈ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਰਡੀਨੈਂਸ ਤਿਆਰ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੋਂ ਆਰਡੀਨੈਂਸ ਜਾਰੀ ਹੋਏ ਹਨ, ਅਸੀਂ ਸਰਕਾਰ ਨੂੰ ਆਖ ਰਹੇ ਹਾਂ ਕਿ ਉਹ ਇਸ ਬਿੱਲ ਨੂੰ ਨਾ ਲਿਆਵੇ ਪਰ ਸਾਡੀ ਆਵਾਜ਼ ਸੁਣੀ ਨਹੀਂ ਗਈ।
ਉਨ੍ਹਾਂ ਕਿਹਾ ਕਿ ਜਦੋਂ ਇਨਾਂ ਆਰਡੀਨੈਂਸਾਂ ਬਾਰੇ ਮੰਤਰੀ ਮੰਡਲ ਵਿਚ ਚਰਚਾ ਹੋਈ ਸੀ ਤਾਂ ਪਾਰਟੀ ਦੇ ਪ੍ਰਤੀਨਿਧ ਹਰਸਿਮਰਤ ਕੌਰ ਬਾਦਲ ਨੇ ਇਸ 'ਤੇ ਇਤਰਾਜ਼ ਉਠਾਏ ਸਨ ਤੇ ਕਿਸਾਨਾਂ ਦੀਆਂ ਚਿੰਤਾਵਾਂ ਦੀ ਗੱਲ ਕੀਤੀ ਸੀ ਤੇ ਬੇਨਤੀ ਕੀਤੀ ਸੀ ਕਿ ਆਰਡੀਨੈਂਸ ਰੋਕ ਲਏ ਜਾਣ ਪਰ ਫਿਰ ਵੀ ਆਰਡੀਨੈਂਸ ਜਾਰੀ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਾਨੂੰ ਆਸ ਸੀ ਕਿ ਸਰਕਾਰ ਇਸ ਬਿੱਲ ਨੂੰ ਪੇਸ਼ ਕਰਨ ਸਮੇਂ ਆਪਣੀ ਗਲਤੀ ਸੁਧਾਰੇਗੀ ਪਰ ਅਜਿਹਾ ਨਹੀਂ ਹੋਇਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਕਿਸਾਨਾਂ ਦੀਆਂ ਭਾਵਨਾਵਾਂ ਦੀ ਆਵਾਜ਼ ਬੁਲੰਦਿਆਂ ਕਰਦਿਆਂ ਕਿਹਾ ਕਿ ਇਹਨਾਂ ਆਰਡੀਨੈਂਸਾਂ ਤੇ ਇਹਨਾਂ ਨੂੰ ਐਕਟ ਵਿਚ ਬਦਲਣ ਲਈ ਬਿੱਲ ਦਾ ਪੰਜਾਬ 'ਤੇ ਸਭ ਤੋਂ ਵੱਧ ਮਾਰੂ ਅਸਰ ਪਵੇਗਾ। ਉਹਨਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਨੇ ਆਪਣੇ ਸਰੋਤਾਂ ਨਾਲ ਸਰਵੋਤਮ ਮੰਡੀਕਰਣ ਬੁਨਿਆਦੀ ਢਾਂਚਾ ਬਣਾਇਆ ਹੈ। ਜੇਕਰ ਘੱਟੋ ਘੱਟ ਸਮਰਥਨ ਮੁੱਲ 'ਤੇ ਕਿਸਾਨਾਂ ਦੀ ਜਿਣਸ ਦਾ ਯਕੀਨੀ ਮੰਡੀਕਰਣ ਖਤਰੇ ਵਿਚ ਪੈਂਦਾ ਹੈ ਤਾਂ ਸਾਡੇ 'ਤੇ ਸਭ ਤੋਂ ਵੱਧ ਮਾਰੂ ਅਸਰ ਪਵੇਗਾ।
ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਮੀਡੀਆ ਨੂੰ ਸੰਸਦ ਤੋਂ ਬਾਹਰ ਮੁਖਾਤਬ ਹੁੰਦੇ ਹੋਏ ਕਿਹਾ ਕਿ 'ਆਪ' ਦੇ ਭਗਵੰਤ ਮਾਨ ਅਤੇ ਬਾਕੀ ਕਾਂਗਰਸੀ ਲੋਕ ਸਭਾ ਮੈਂਬਰ ਬਿੱਲ 'ਤੇ ਹੋਈ ਵੋਟਿੰਗ ਦੌਰਾਨ ਸੰਸਦ 'ਚੋਂ ਵਾਕਆਊਟ ਕਰਨਗੇ। ਉਨ੍ਹਾਂ ਕਿਹਾ ਸਿਰਫ ਉਨ੍ਹਾਂ ਇੱਕਲਿਆਂ ਨੇ ਪੰਜਾਬ ਤੋਂ ਇਸ ਬਿੱਲ ਵਿਰੁੱਧ ਵੋਟ ਪਾਈ ਹੈ।