ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਵਫ਼ਦ ਸਮੇਤ ਰਾਜਪਾਲ ਨੂੰ ਮਿਲਣ ਲਈ ਰਾਜ ਭਵਨ ਪਹੁੰਚੇ। ਇਸ ਦੌਰਾਨ ਅਕਾਲੀ ਦਲ ਦਾ ਵਫ਼ਦ ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਖ਼ਿਲਾਫ਼ ਰਾਜਪਾਲ ਨੂੰ ਮੰਗ ਪੱਤਰ ਦਿੱਤਾ।
'ਰਾਜਪਾਲ ਨੂੰ ਨਵੀਂ ਆਬਕਾਰੀ ਨੀਤੀ ਤੋਂ ਕਰਵਾਇਆ ਜਾਣੂ': ਰਾਜਪਾਲ ਨੂੰ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਦਿੱਲੀ ਦੇ ਤਰਜ਼ ’ਤੇ ਪੰਜਾਬ ਵਿੱਚ ਵੀ ਉਹੀ ਨੀਤੀ ਅਪਣਾਈ ਗਈ ਹੈ ਅਤੇ ਕਿਹੜੇ ਕਿਹੜੇ ਲੋਕਾਂ ਨੇ ਅਤੇ ਕਿਵੇਂ ਕਿਵੇਂ ਇਸ ਨੂੰ ਬਣਾਇਆ ਗਿਆ।
'500 ਕਰੋੜ ਦਾ ਘੁਟਾਲਾ': ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਅਸੀਂ ਰਾਜਪਾਲ ਨੂੰ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਮਨੀਸ਼ ਸਿਸੋਦੀਆ ਦੇ ਨਾਲ ਪੰਜਾਬ ਦੇ ਅਧਿਕਾਰੀਆਂ ਨੇ ਮਿਲ ਕੇ ਇਸ ਨੀਤੀ ਨੂੰ ਬਣਾਇਆ। ਉਨ੍ਹਾਂ ਕਿਹਾ ਕਿ ਮਨੀਸ ਸਿਸੋਦੀਆਂ ਨੇ ਦਿੱਲੀ ਵਿੱਚ ਜੋ ਨੀਤੀ ਬਣਾਈ ਸੀ ਉਹੀ ਪੰਜਾਬ ’ਚ ਵੀ ਬਣਾਉਣ ਦੇ ਲਈ ਜੁੜਿਆ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਕਰੀਬ 500 ਕਰੋੜ ਦਾ ਘੁਟਾਲਾ ਹੈ। ਜੋ ਲੋਕ ਦਿੱਲੀ ਵਿੱਚ ਸ਼ਰਾਬ ਕਾਰੋਬਾਰ ਕਰ ਰਹੇ ਹਨ ਉਹੀ ਪੰਜਾਬ ਚ ਵੀ ਇਸ ਕਾਰੋਬਾਰ ਨਾਲ ਜੁੜ ਗਏ ਹਨ। ਜਿਨ੍ਹਾਂ ਨੇ ਦਿੱਲੀ ਦੀ ਐਕਸਾਈਜ ਪਾਲਿਸੀ ਬਣਾਈ ਹੈ ਉਹੀ ਲੋਕ ਪੰਜਾਬ ਦੀ ਆਬਕਾਰੀ ਨੀਤੀ ਬਣਾਉਣ ਚ ਵੀ ਸ਼ਾਮਲ ਹਨ।
ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਤਿਆਰ: ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਜਿੱਥੇ ਵੀ ਐਸਆਈਟੀ ਜਾਂਚ ਲਈ ਸੱਦੇ ਉਹ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਜਿਸ ਸਮੇਂ ਐਸਆਈਟੀ ਨੇ ਮੈਨੂੰ ਬੁਲਾਇਆ ਤਾਂ ਉਹ ਬਾਹਰ ਸੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪੇਸ਼ੀ 30 ਤਰੀਕ ਨੂੰ ਜ਼ੀਰਾ ਅਦਾਲਤ ਵਿੱਚ ਵੀ ਸੀ ਤਾਂ ਕਰਕੇ ਉਹ ਉੱਥੇ ਗਏ ਸਨ।
ਆਮ ਆਦਮੀ ਪਾਰਟੀ ਤੇ ਸਾਧੇ ਨਿਸ਼ਾਨੇ: ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ ਚ ਆਬਕਾਰੀ ਨੀਤੀ ’ਤੇ ਅੰਨਾ ਹਜਾਰੇ ਵੱਲੋਂ ਚੁੱਕੇ ਗਏ ਸਵਾਲ ਤੇ ਕਿਹਾ ਕਿ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਾਰੇ ਅੰਦਰ ਜਾਣਗੇ। ਕੇਜਰੀਵਾਲ ਜੇਕਰ ਦਿੱਲੀ ਦਾ ਮੁੱਖ ਮੰਤਰੀ ਹੈ ਤਾਂ ਉਹ ਅੰਨਾ ਹਜਾਰੇ ਦੇ ਕਰਕੇ ਹੀ ਮੁੱਖ ਮੰਤਰੀ ਬਣੇ ਹਨ। ਜਿਹੜਾ ਬੰਦਾ ਆਪਣੇ ਗੁਰੂ ਦਾ ਸਨਮਾਨ ਨਹੀਂ ਕਰਦਾ ਉਹ ਬਹੁਤ ਹੀ ਘਟੀਆ ਮਨੁੱਖ ਹੈ।
ਇਹ ਵੀ ਪੜੋ: ਚਰਚ ਵਿੱਚ ਭੰਨ ਤੋੜ, ਪੂਰੇ ਪੰਜਾਬ ਵਿੱਚ ਅਲਰਟ ਜਾਰੀ