ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਦੇਸ਼ ਵਿੱਚ ਤਾਨਾਸ਼ਾਹੀ ਰੁਝਾਨਾਂ ਖਿਲਾਫ ਦੇਸ਼ ਵਿਆਪੀ ਇਕਜੁੱਟ ਲਹਿਰ ਚਲਾਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਦੇਸ਼ ਵਿੱਚ ਅਸਲ ਸੰਘੀ ਢਾਂਚਾ ਸਥਾਪਿਤ ਕਰਨ ਲਈ ਅਜਿਹੀ ਮੁਹਿੰਮ ਜ਼ਰੂਰੀ ਹੈ।
ਕਿਸਾਨ ਰੈਲੀ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਤੇ ਤ੍ਰਿਣਾਮੂਲ ਕਾਂਗਰਸ ਦੇ ਚੇਅਰਪਰਸਨ ਮਮਤਾ ਬੈਨਰਜੀ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਲਿਖੇ ਪੱਤਰ ਵਿੱਚ ਸੁਖਬੀਰ ਨੇ ਕਿਹਾ ਕਿ ਪੰਜਾਬ ਅਤੇ ਪੱਛਮੀ ਬੰਗਾਲ ਨੇ ਹਮੇਸ਼ਾ ਰਾਜਾਂ ਲਈ ਸਹੀ ਵਿੱਤੀ ਤਾਕਤਾਂ ਤੇ ਸਿਆਸੀ ਖੁਦਮੁਖ਼ਤਿਆਰੀ ਦੀ ਲੜਾਈ ਲੜੀ ਹੈ ਤੇ ਸੂਬੇ ਮਜ਼ਬੂਤ ਹੋਣ ਦੀ ਬਦੌਲਤ ਭਾਰਤ ਇੱਕ ਮਜ਼ਬੂਤ ਸੰਘੀ ਰਾਜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਰਵਾਇਤ ਜਾਰੀ ਰੱਖਣੀ ਚਾਹੀਦੀ ਹੈ ਅਤੇ ਹਮਖਿਆਲੀ ਪਾਰਟੀਆਂ ਨੂੰ ਸੰਵਿਧਾਨ ਨਿਰਮਾਤਿਆਂ ਦੀਆਂ ਭਾਵਨਾਵਾਂ ਅਨੁਸਾਰ ਦੇਸ਼ ਵਿੱਚ ਸਹੀ ਸੰਘੀ ਢਾਂਚਾ ਸਥਾਪਿਤ ਕਰਨ ਵਾਸਤੇ ਸਟੈਂਡ ਲੈਣਾ ਚਾਹੀਦਾ ਹੈ।
![ਅਕਾਲੀ ਦਲ ਵੱਲੋਂ ਦੇਸ਼ 'ਚ ਅਸਲ ਸੰਘੀ ਢਾਂਚੇ ਦੀ ਸਥਾਪਤੀ ਲਈ ਦੇਸ਼ ਵਿਆਪੀ ਇਕਜੁੱਟਤਾ ਮੁਹਿੰਮ ਦਾ ਸੱਦਾ](https://etvbharatimages.akamaized.net/etvbharat/prod-images/9981306_akali-dal.jpg)
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਉਨ੍ਹਾਂ ਨੇ ਰਾਜਾਂ ਦੀਆਂ ਸ਼ਕਤੀਆਂ ਕੇਂਦਰ ਵੱਲੋਂ ਆਨੇ-ਬਹਾਨੇ ਐਕਟ ਪਾਸ ਕਰਕੇ ਖੋਰ੍ਹਾ ਲੱਗਦੀਆਂ ਵੇਖੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਸਮੇਤ ਰਾਜ ਸੂਚੀ ਦੇ ਅਨੇਕਾਂ ਵਿਸ਼ਿਆਂ ’ਤੇ ਕਾਨੂੰਨ ਬਣਾਏ ਹਨ, ਜਿਸ ਕਾਰਨ ਦੇਸ਼ ਵਿੱਚ ਮੌਜੂਦਾ ਸਮੇਂ ਕਿਸਾਨ ਅੰਦੋਲਨ ਚਲ ਰਿਹਾ ਹੈ।
ਮਮਤਾ ਬੈਨਰਜੀ ਨਾਲ ਪ੍ਰਗਟਾਈ ਹਮਦਰਦੀ ਤੇ ਕਿਸਾਨਾਂ ਦਾ ਪੱਖ ਪੂਰਨ 'ਤੇ ਦਿੱਤੀ ਵਧਾਈ
ਮਮਤਾ ਬੈਨਰਜੀ ਨੂੰ ਕਿਸਾਨੀ ਹੱਕਾਂ ਲਈ ਲੜਾਈ ਵਾਸਤੇ ਸ਼ੁਭ-ਕਾਮਨਾਵਾਂ ਭੇਂਟ ਕਰਦਿਆਂ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਟੀਐਮਸੀ ਦੇ ਸੰਸਦ ਮੈਂਬਰਾਂ ਦੀ ਪੰਜ ਮੈਂਬਰੀ ਟੀਮ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਭੇਜਣ ਦੀ ਵਧਾਈ ਵੀ ਦਿੱਤੀ ਤੇ ਕਿਹਾ ਕਿ ਤੁਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅਗਲੇ ਹਫਤੇ ਤੋਂ ਕਈ ਲੜੀਵਾਰ ਪ੍ਰੋਗਰਾਮ ਐਲਾਨ ਕੇ ਕਿਸਾਨ ਸੰਘਰਸ਼ ਨੂੰ ਮਜ਼ਬੂਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਵਾਸਤੇ ਤੇ ਸੰਘੀ ਢਾਂਚੇ ਦੇ ਹੱਕ ਵਿੱਚ ਵੱਧ ਚੜ੍ਹ ਕੇ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦੋਹੇਂ ਮਾਮਲੇ ਸਾਂਝੇ ਕੌਮੀ ਮਸਲੇ ਹਨ, ਜੋ ਖੇਤਰੀ ਪਾਰਟੀਆਂ ਤੇ ਸਹੀ ਸੋਚਣ ਵਾਲੀਆਂ ਕੌਮੀ ਪਾਰਟੀਆਂ ਦੇ ਯਤਨਾਂ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਵੱਲੋਂ ਕਿਸਾਨ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਨਾਲ ਸਾਡੇ ਸਾਂਝੇ ਯਤਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਣਗੇ।